ਪੰਚਾਇਤੀ ਜ਼ਮੀਨਾਂ ਦੇ ਮਿਲੇ ਮੁਆਵਜ਼ੇ ’ਚ 6.66 ਕਰੋੜ ਰੁਪਏ ਦੀ ਘਪਲੇਬਾਜ਼ੀ, 2 ਸਰਪੰਚਾਂ ਤੇ 8 ਪੰਚਾਂ ਵਿਰੁੱਧ ਮੁਕੱਦਮਾ ਦਰਜ

05/28/2022 10:03:14 AM

ਚੰਡੀਗੜ੍ਹ (ਰਮਨਜੀਤ, ਬਲਜਿੰਦਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਿਕਾਇਤਾਂ ਦੇ ਆਧਾਰ ’ਤੇ ਗ੍ਰਾਮ ਪੰਚਾਇਤ ਪਿੰਡ ਆਕੜੀ, ਪਿੰਡ ਸੇਹਰਾ, ਪਿੰਡ ਸੇਹਰੀ, ਪਿੰਡ ਤਖਤੂਮਾਜਰਾ ਅਤੇ ਪਿੰਡ ਪੱਬਰਾ, ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਚ ਅੰਮ੍ਰਿਤਸਰ ਕਲਕੱਤਾ ਇੰਟੀਗ੍ਰੇਟਡ ਕੋਰੀਡੋਰ ਪ੍ਰਾਜੈਕਟ ਅਧੀਨ ਪੁੱਡਾ ਵੱਲੋਂ ਉਕਤ 5 ਪਿੰਡਾਂ ਦੀ ਕੁਲ ਜ਼ਮੀਨ 1103 ਏਕੜ, 3 ਕਨਾਲ,15 ਮਰਲੇ ਐਕਵਾਇਰ ਕਰਨ ਦੇ ਬਦਲੇ ਵਿਚ ਪ੍ਰਾਪਤ ਮੁਆਵਜ਼ੇ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਉਪਰ ਖਰਚ ਕਰਨ ਦੇ ਨਾਂ ਹੇਠਾਂ ਘਪਲੇਬਾਜ਼ੀਆਂ ਕਰਨ ਦੇ ਦੋਸ਼ ਅਧੀਨ ਮੁਕੱਦਮਾ ਨੰ. 12 ਮਿਤੀ 26 ਮਈ 2022 ਨੂੰ ਆਈ.ਪੀ.ਸੀ. ਧਾਰਾ 406, 420, 409, 465, 467, 468, 471, 120ਬੀ, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਏ ਅਤੇ 13 (2) ਅਧੀਨ ਦਰਜ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਕੱਦਮੇ ਵਿਚ ਪਿੰਡ ਆਕੜੀ ਅਤੇ ਪਿੰਡ ਸੇਹਰੀ ਦੇ ਸਰਪੰਚਾਂ ਅਤੇ 8 ਪੰਚਾਂ ਸਮੇਤ ਉਕਤ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਨਾਂ ਹੇਠ ਮਟੀਰੀਅਲ ਅਤੇ ਮਜ਼ਦੂਰ ਸਪਲਾਈ ਕਰਨ ਦੇ ਮਾਮਲੇ ਵਿਚ 10 ਫਰਮਾਂ ਅਤੇ 4 ਪ੍ਰਾਈਵੇਟ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਵਿਚ ਹਰਜੀਤ ਕੌਰ ਸਰਪੰਚ ਪਿੰਡ ਆਕੜੀ, ਚਰਨਜੀਤ ਕੌਰ ਪੰਚ, ਅਵਤਾਰ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਜਸਵਿੰਦਰ ਸਿੰਘ ਪੰਚਾਇਤ ਸਕੱਤਰ ਦਫ਼ਤਰ ਬੀ.ਡੀ.ਪੀ.ਓ. ਸੰਭੂ, ਮਨਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ, ਪਿੰਡ ਸੇਹਰੀ, ਜਤਿੰਦਰ ਰਾਣੀ ਪੰਚ, ਲਖਵੀਰ ਸਿੰਘ ਪੰਚ, ਪਵਨਦੀਪ ਕੌਰ ਪੰਚ, ਲਖਮਿੰਦਰ ਸਿੰਘ ਪੰਚਾਇਤ ਸਕੱਤਰ ਅਤੇ ਧਰਮਿੰਦਰ ਕੁਮਾਰ ਸਹਾਇਕ ਇੰਜੀਨੀਅਰ ਪੰਚਾਇਤੀ ਰਾਜ ਦਫ਼ਤਰ ਬੀ.ਡੀ.ਪੀ.ਓ. ਸੰਭੂ, ਫਰਮ ਦਿਨੇਸ਼ ਕੁਮਾਰ ਬਾਂਸਲ ਕੰਟਰੈਕਟਰ, ਬੱਸੀ ਪਠਾਣਾ ਜ਼ਿਲਾ ਫਤਿਹਗੜ੍ਹ ਸਾਹਿਬ, ਫਰਮ ਗਿੱਲ ਟ੍ਰੇਡਿੰਗ ਕੰਪਨੀ ਪਟਿਆਲਾ, ਫਰਮ ਫੈਲਕੋਨ ਇੰਟਰਪ੍ਰਾਈਜਿਜ਼ ਮੋਹਾਲੀ, ਫਰਮ ਇਨੋਵੈਸ਼ਨ ਸਲਿਊਸ਼ਨ ਪਟਿਆਲਾ, ਫਰਮ ਭੋਲੇ ਨਾਥ ਬਿਲਡਿੰਗ ਪਿੰਡ ਉਪਲਹੇੜ੍ਹੀ, ਰਾਜਪੁਰਾ, ਫਰਮ ਵਰੁਨ ਸਿੰਗਲਾ ਕੰਟਰੈਕਟਰ ਅਤੇ ਸਪਲਾਇਰ, ਬੱਸੀ ਪਠਾਣਾ, ਜ਼ਿਲਾ ਫਤਿਹਗੜ੍ਹ ਸਾਹਿਬ, ਫਰਮ ਆਰ. ਬੀ. ਬਿਲਡਿੰਗ ਮੈਟੀਰੀਅਲਜ਼ ਪਟਿਆਲਾ, ਫਰਮ ਐੱਸ. ਐੱਸ. ਡੀ. ਐੱਨ. ਬਿਲਡਿੰਗ ਮੈਟੀਰੀਅਲਜ਼ ਪਟਿਆਲਾ, ਫਰਮ ਬਿਮਲ ਕੰਸਟਰਕਸ਼ਨ, ਸਰਾਏ ਬੰਨਜਾਰਾ ਜ਼ਿਲਾ ਪਟਿਆਲਾ, ਫਰਮ ਚੋਪੜਾ ਪਬਲਿਕ ਹਾਊਸ ਦੇ ਮਾਲਕ ਸਮੇਤ ਚਾਰ ਪ੍ਰਾਈਵੇਟ ਵਿਅਕਤੀ ਕੁਲਦੀਪ ਸਿੰਘ ਵਾਸੀ ਰਾਜਪੁਰਾ, ਇੰਦਰਜੀਤ ਗਿਰ ਵਾਸੀ ਰਾਜਪੁਰਾ, ਜੁਗਨੂੰ ਕੁਮਾਰ ਵਾਸੀ ਰਾਜਪੁਰਾ ਅਤੇ ਸੁਖਵਿੰਦਰ ਗਿਰ ਵਾਸੀ ਰਾਜਪੁਰਾ, ਜ਼ਿਲਾ ਪਟਿਆਲਾ ਸ਼ਾਮਲ ਹਨ।

ਇਹ ਵੀ ਪੜ੍ਹੋ : ਲੋਕਾਂ ਨੇ ਸਿੱਧੂ ਤੇ ਮਜੀਠੀਆ ਦਾ ਤੋੜਿਆ ਹੰਕਾਰ :  ਜੀਵਨਜੋਤ ਕੌਰ

ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਕਲਕੱਤਾ ਇੰਟੀਗ੍ਰੇਟਡ ਕੋਰੀਡੋਰ ਪ੍ਰਾਜੈਕਟ ਅਧੀਨ ਪੁੱਡਾ ਵਲੋਂ ਉਕਤ ਪੰਜ ਪਿੰਡਾਂ ਦੀ ਕੁਲ ਜ਼ਮੀਨ 1103 ਏਕੜ, 3 ਕਨਾਲ, 15 ਮਰਲੇ ਐਕਵਾਇਰ ਕੀਤੀ ਗਈ ਸੀ, ਜਿਸ ਦੇ ਬਦਲੇ ਵਿਚ ਪਿੰਡ ਆਕੜੀ, ਪਿੰਡ ਸੇਹਰਾ, ਪਿੰਡ ਸੇਹਰੀ, ਪਿੰਡ ਤਖਤੂਮਾਜਰਾਂ ਅਤੇ ਪਿੰਡ ਪੱਬਰਾ ਦੀਆਂ ਪੰਚਾਇਤਾਂ ਨੂੰ ਇਸ ਐਕਵਾਇਰ ਹੋਈ ਜ਼ਮੀਨ ਦਾ ਮੁਆਵਜ਼ਾ 285 ਕਰੋੜ 15 ਲੱਖ 84 ਹਜ਼ਾਰ 554 ਰੁਪਏ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਇਸ ਜ਼ਮੀਨ ਦੇ ਕਾਸ਼ਤਕਾਰਾਂ ਨੂੰ 9 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁਲ ਓਜਾੜਾ ਭੱਤਾ 97 ਕਰੋੜ 80 ਲੱਖ 69 ਹਜ਼ਾਰ 375 ਰੁਪਏ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਪੰਚਾਇਤਾਂ ਨੂੰ ਮਿਲੀ ਮੁਆਵਜ਼ਾ ਰਕਮ ਅਤੇ ਸਾਲ 2019 ਤੋਂ ਸਾਲ 2022 ਵਿਚ ਪ੍ਰਾਪਤ ਹੋਈਆਂ ਗ੍ਰਾਂਟਾ ਨਾਲ ਪੰਚਾਇਤਾਂ ਵੱਲੋਂ ਕਰਵਾਏ ਵਿਕਾਸ ਕੰਮਾਂ ਸਬੰਧੀ ਪਿੰਡ ਵਾਸੀਆਂ ਵਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਉਕਤ ਪਿੰਡਾਂ ਵਿਚ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਪੰਚਇਤਾਂ ਵੱਲੋਂ ਮਿਲੀਭੁਗਤ ਕਰ ਕੇ ਵਿਕਾਸ ਦੇ ਕੰਮ ਠੀਕ ਢੰਗ ਨਾਲ ਨਹੀਂ ਕਰਵਾਏ ਗਏ।

ਇਨ੍ਹਾਂ ਕੰਮਾਂ ਸਬੰਧੀ ਟੈਕਨੀਕਲ ਟੀਮ ਰਾਹੀਂ ਚੈਕਿੰਗ ਕਰਵਾਈ ਗਈ, ਜਿਸ ਦੌਰਾਨ ਵੱਡੇ ਪੱਧਰ ’ਤੇ ਵਿਕਾਸ ਦੇ ਕੰਮਾਂ ਵਿਚ ਊਣਤਾਈਆਂ/ਕੰਮ ਨਹੀਂ ਹੋਣੇ ਪਾਏ ਗਏ। ਪਿੰਡ ਆਕੜੀ ਅਤੇ ਪਿੰਡ ਸੇਹਰੀ ਦੀ ਪੰਚਾਇਤ ਵੱਲੋਂ ਬਿਨਾਂ ਕੰਮ ਕਰਵਾਏ ਵੱਡੀਆਂ ਰਕਮਾਂ ਦੀਆਂ ਅਦਾਇਗੀਆਂ ਕਰ ਕੇ ਵਿਕਾਸ ਦੇ ਕੰਮਾਂ ਵਿਚ 6 ਕਰੋੜ 66 ਲੱਖ 47 ਹਜ਼ਾਰ 036 ਰੁਪਏ ਦਾ ਘਪਲਾ ਕੀਤਾ ਗਿਆ ਹੈ ਅਤੇ ਇਸੇ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਉਕਤ ਪਿੰਡਾਂ ਦੇ ਜ਼ਿੰਮੇਵਾਰ ਸਰਪੰਚਾਂ, ਪੰਚਾਂ ਅਤੇ ਹੋਰ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਬਾਕੀ ਪਿੰਡਾਂ ਦੇ ਜਿੰਮੇਵਾਰ ਮੁਲਜ਼ਮਾਂ ਖਿਲਾਫ ਅਗਲੇਰੀ ਕਾਰਵਾਈ ਜਾਂਚ ਅਧੀਨ ਚੱਲ ਰਹੀ ਹੈ।

ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ ਵਿਖੇ ਮੰਦਭਾਗੀ ਘਟਨਾ, ਗਊਆਂ ਦੀ ਹੱਤਿਆ ਕਰ ਨਹਿਰ ’ਚ ਸੁੱਟੇ ਅੰਗ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News