ਧੋਖੇਬਾਜ਼ ਪਤੀ ਨੇ ਗਰਭਵਤੀ ਪਤਨੀ ਨਾਲ ਕਮਾਇਆ ਦਗਾ, ਪੁੱਜਿਆ ਜੇਲ
Monday, Apr 08, 2019 - 11:49 AM (IST)
ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ ਦੇ ਭਗਤ ਨਗਰ ਦੀ ਰਹਿਣ ਵਾਲੀ ਵਿਆਹੁਤਾ ਰੀਤੀ ਦੀ ਸ਼ਿਕਾਇਤ 'ਤੇ ਧੋਖੇ ਨਾਲ ਦਵਾਈ ਪਿਆ ਕੇ ਗਰਭਪਾਤ ਕਰਵਾਉਣ ਦੇ ਦੋਸ਼ੀ ਪਤੀ ਅਜੇ ਕੁਮਾਰ ਨੂੰ ਮਾਡਲ ਟਾਊਨ ਪੁਲਸ ਨੇ ਦੇਰ ਰਾਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਭਰਤ ਮਸੀਹ ਨੇ ਦੱਸਿਆ ਕਿ ਦੋਸ਼ੀ ਨੂੰ ਸੋਮਵਾਰ ਡਿਊਟੀ ਮੈਜਿਸਟ੍ਰੇਟ 'ਚ ਪੇਸ਼ ਕੀਤਾ ਗਿਆ। ਦੋਸ਼ੀਆਂ 'ਚ ਸ਼ਾਮਲ ਸੱਸ ਮੀਨਾ ਅਤੇ ਮਾਸੀ ਸੱਸ ਪਿੰਕੀ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਸ ਜਲਦ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਵੇਗੀ।
ਸ਼ਰਤੀਆ ਬੇਟਾ ਹੋਣ ਦੀ ਦਵਾਈ ਦੱਸ ਕੇ ਕਰਵਾ ਦਿੱਤਾ ਗਰਭਪਾਤ
ਬਲਬੀਰ ਕਾਲੋਨੀ ਦੀ ਰਹਿਣ ਵਾਲੀ ਪੀੜਤਾ ਰੀਤੀ ਨੇ ਦੱਸਿਆ ਕਿ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਧੋਖੇ 'ਚ ਰੱਖ ਕੇ ਸ਼ਰਤੀਆ ਬੇਟਾ ਹੋਣ ਦੀ ਗੱਲ ਕਹਿ ਕੇ ਦਵਾਈ ਪਿਆ ਦਿੱਤੀ, ਜਿਸ ਕਰਕੇ ਉਸ ਦਾ 1 ਮਹੀਨੇ ਦਾ ਗਰਭ ਡਿੱਗ ਗਿਆ। ਪੀੜਤਾ ਨੇ ਦੱਸਿਆ ਕਿ ਗਰਭਪਾਤ ਹੋਣ 'ਤੇ ਜਦੋਂ ਉਸ ਦੀ ਹਾਲਤ ਖਰਾਬ ਹੋ ਗਈ ਤਾਂ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਕੇ ਸਾਰੇ ਫਰਾਰ ਹੋ ਗਏ। ਜਦੋਂ ਅਜੇ ਨੇ ਆਪਣਾ ਮੋਬਾਇਲ ਸਵਿੱਚ ਆਫ ਕਰ ਲਿਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਧੋਖਾ ਹੋਇਆ ਹੈ।
ਫੇਸਬੁੱਕ ਅਤੇ ਵਟਸਐਪ ਜ਼ਰੀਏ ਹੋਈ ਦੋਸਤੀ ਤੋਂ ਬਾਅਦ ਕੀਤਾ ਸੀ ਵਿਆਹ
ਪੀੜਤਾ ਅਨੁਸਾਰ ਅਜੇ ਕੁਮਾਰ ਦੁਬਈ 'ਚ ਰਹਿੰਦਾ ਸੀ। ਉਸ ਦੀ ਇਸ ਦੌਰਾਨ ਫੇਸਬੁੱਕ ਤੇ ਵਟਸਐਪ ਦੇ ਜ਼ਰੀਏ ਦੋਸਤੀ ਹੋ ਗਈ। ਅਜੇ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਆਉਂਦੇ ਹੀ ਉਸ ਨਾਲ ਵਿਆਹ ਕਰ ਲਵੇਗਾ। ਵਾਅਦੇ ਅਨੁਸਾਰ 19 ਜਨਵਰੀ 2019 ਨੂੰ ਦੁਬਈ ਤੋਂ ਆਉਂਦੇ ਹੀ ਅਜੇ ਸਿੱਧਾ ਉਸ ਦੇ ਘਰ ਆਇਆ ਅਤੇ 19 ਫਰਵਰੀ 2019 ਨੂੰ ਹਿਮਾਚਲ ਪ੍ਰਦੇਸ਼ ਦੇ ਮੰਦਿਰ ਜਾ ਕੇ ਅਸੀਂ ਦੋਵਾਂ ਨੇ ਵਿਆਹ ਕਰ ਲਿਆ। ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੂੰ ਧੋਖੇ 'ਚ ਰੱਖ ਕੇ ਸੱਸ ਮੀਨਾ ਅਤੇ ਮਾਸੀ ਸੱਸ ਪਿੰਕੀ ਨੇ ਕਿਹਾ ਕਿ ਉਸ ਨੂੰ ਹਰ ਹਾਲ 'ਚ ਬੇਟਾ ਹੋਣਾ ਚਾਹੀਦਾ ਹੈ, ਇਸ ਲਈ ਇਸ ਦਵਾਈ ਨੂੰ ਖਾ ਲਵੇ। ਦਵਾਈ ਖਾਂਦੇ ਹੀ ਉਸ ਦੀ ਤਬੀਅਤ ਵਿਗੜ ਗਈ ਅਤੇ ਇਸ ਦੌਰਾਨ ਉਸ ਦਾ 1 ਮਹੀਨੇ ਦੇ ਗਰਭ ਦਾ ਨੁਕਸਾਨ ਹੋ ਗਿਆ।