ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਸਭ ਦੇ ਹੋਸ਼

Sunday, May 23, 2021 - 07:36 PM (IST)

ਜਲੰਧਰ (ਜ. ਬ.)– ਪਤਨੀ ਨੂੰ ਆਪਣੇ ਕੋਲ ਇਟਲੀ ਬੁਲਾਉਣ ਲਈ ਜਿਸ ਮਹਿਲਾ ਏਜੰਟ ਨੂੰ ਐਡਵਾਂਸ 50 ਹਜ਼ਾਰ ਰੁਪਏ ਪਤੀ ਨੇ ਦਿਵਾਏ, ਉਸੇ ਔਰਤ ਨਾਲ ਵਿਆਹ ਕਰਕੇ ਮੁਲਜ਼ਮ ਪਤੀ ਗਾਇਬ ਹੋ ਗਿਆ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਇਟਲੀ ਜਾਣ ਲਈ ਔਰਤ ਆਪਣੇ ਵੀਜ਼ੇ ਦੀ ਉਡੀਕ ਕਰ ਰਹੀ ਸੀ ਪਰ ਇਸੇ ਵਿਚਕਾਰ ਮਹਿਲਾ ਏਜੰਟ ਅਤੇ ਪੀੜਤ ਮਹਿਲਾ ਦੇ ਪਤੀ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।

ਪੀੜਤ ਮਹਿਲਾ ਨੇ ਮਹਿਲਾ ਏਜੰਟ ਦਾ ਫੇਸਬੁੱਕ ਅਕਾਊਂਟ ਚੈੱਕ ਕੀਤਾ ਤਾਂ ਏਜੰਟ ਦੀ ਪੋਸਟ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਹਿਲਾ ਏਜੰਟ ਨੇ ਪੀੜਤ ਮਹਿਲਾ ਦੇ ਪਤੀ ਨਾਲ ਵਿਆਹ ਕਰਨ ਦੀ ਪੋਸਟ ਪਾਈ ਹੋਈ ਸੀ। ਪੀੜਤਾ ਨੇ ਮਹਿਲਾ ਏਜੰਟ ਦੇ ਗੁਰੂਗ੍ਰਾਮ ਸਥਿਤ ਘਰ ਜਾ ਕੇ ਪਤਾ ਕੀਤਾ ਤਾਂ ਗੱਲ ਸਹੀ ਨਿਕਲੀ, ਜਿਸ ਤੋਂ ਬਾਅਦ ਪੀੜਤਾ ਨੇ ਆਪਣੇ ਪਤੀ ਅਤੇ ਮਹਿਲਾ ਏਜੰਟ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਨੰਬਰ 1 ਦੀ ਪੁਲਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ

ਇੰਝ ਰਚਾਈ ਗਈ ਸਾਰੀ ਖੇਡ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਰਜੀਤ ਕੌਰ ਪਤਨੀ ਪਰਮਿੰਦਰ ਸਿੰਘ ਨਿਵਾਸੀ ਸ਼ਾਂਤੀ ਵਿਹਾਰ ਮਕਸੂਦਾਂ ਨੇ ਦੱਸਿਆ ਕਿ ਉਸ ਦਾ ਵਿਆਹ 2010 ਵਿਚ ਪਰਮਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੇ ਘਰ ਬੇਟੀ ਨੇ ਜਨਮ ਲਿਆ। 2016 ’ਚ ਪਰਮਿੰਦਰ ਇਟਲੀ ਚਲਾ ਗਿਆ। 18 ਜੁਲਾਈ 2020 ਨੂੰ ਪਰਮਿੰਦਰ ਨੇ ਉਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਹ ਇਟਲੀ ਪੱਕਾ ਹੋ ਗਿਆ ਹੈ ਅਤੇ ਹੁਣ ਉਹ ਉਸ ਨੂੰ ਵੀ ਆਪਣੇ ਕੋਲ ਬੁਲਾ ਲਵੇਗਾ।

ਪਤਨੀ ਵੇਖਦੀ ਰਹੀ ਪਤੀ ਕੋਲ ਵਿਦੇਸ਼ ਜਾਣ ਦੇ ਸੁਫ਼ਨੇ
ਪਰਮਿੰਦਰ ਨੇ ਆਪਣੀ ਪਤਨੀ ਅਮਰਜੀਤ ਕੌਰ ਨੂੰ ਗੁਰੂ ਗ੍ਰਾਮ ਦੇ ਸੈਕਟਰ 49 ਦੀ ਰਹਿਣ ਵਾਲੀ ਸੋਨਿਕਾ ਦਲਾਲ ਪੁੱਤਰੀ ਧਰਮਪਾਲ ਦਾ ਮੋਬਾਇਲ ਨੰਬਰ ਦਿੱਤਾ ਅਤੇ ਕਿਹਾ ਕਿ ਉਹ ਉਸ ਦੀ ਜਾਣਕਾਰ ਹੈ, ਜਿਹੜੀ ਉਸ ਨੂੰ ਇਟਲੀ ਭੇਜੇਗੀ। ਪਰਮਿੰਦਰ ਦੇ ਕਹਿਣ ’ਤੇ ਸੋਨਿਕਾ ਨਾਲ ਗੱਲਬਾਤ ਕਰਕੇ ਅਮਰਜੀਤ ਕੌਰ ਨੇ ਉਸ ਦੇ ਬੈਂਕ ਅਕਾਊਂਟ ਵਿਚ 50 ਹਜ਼ਾਰ ਰੁਪਏ ਐਡਵਾਂਸ ਵਜੋਂ ਟਰਾਂਸਫਰ ਕਰ ਦਿੱਤੇ। ਸੋਨਿਕਾ ਨੇ ਵੀ ਉਸ ਨੂੰ ਭਰੋਸਾ ਦਿੱਤਾ ਕਿ ਉਹ ਉਸ ਨੂੰ ਜਲਦ ਤੋਂ ਜਲਦ ਇਟਲੀ ਭੇਜ ਦੇਵੇਗੀ। ਅਮਰਜੀਤ ਨੇ ਕਿਹਾ ਕਿ ਉਹ ਆਪਣੇ ਪਤੀ ਕੋਲ ਜਾਣ ਦੇ ਸੁਫ਼ਨੇ ਵੇਖ ਰਹੀ ਸੀ ਕਿ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਸੋਨਿਕਾ ਦਾ ਕੋਈ ਫੋਨ ਨਹੀਂ ਆਇਆ। ਉਸ ਦੇ ਪਤੀ ਨੇ ਵੀ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਫੇਸਬੁੱਕ ਨੇ ਖੋਲ੍ਹੀ ਪੋਲ 
1 ਦਸੰਬਰ 2020 ਨੂੰ ਅਮਰਜੀਤ ਨੇ ਜਦੋਂ ਸੋਨਿਕਾ ਦਲਾਲ ਦਾ ਫੇਸਬੁੱਕ ਅਕਾਊਂਟ ਚੈੱਕ ਕੀਤਾ ਤਾਂ ਉਸ ਵਿਚ ਇਕ ਪੋਸਟ ਵੇਖੀ, ਜਿਹੜੀ ਸੋਨਿਕਾ ਅਤੇ ਪਰਮਿੰਦਰ ਸਿੰਘ ਵੱਲੋਂ ਪੰਚਕੂਲਾ ਦੇ ਇਕ ਹੋਟਲ ਵਿਚ ਚੈੱਕ ਇਨ ਦੀ ਸੀ। ਉਸ ਤੋਂ ਬਾਅਦ ਉਸ ਨੇ ਇਕ ਹੋਰ ਪੋਸਟ ਦੇਖੀ, ਜਿਸ ਵਿਚ ਸੋਨਿਕਾ ਨੇ ਲਿਖਿਆ ਸੀ ਕਿ ਉਸ ਨੇ ਪਰਮਿੰਦਰ ਨਾਲ ਵਿਆਹ ਕਰ ਲਿਆ ਹੈ। ਉਸ ਪੋਸਟ ਵਿਚ ਸੋਨਿਕਾ ਨੂੰ ਉਸ ਦੇ ਦੋਸਤਾਂ ਨੇ ਮੁਬਾਰਕਾਂ ਵੀ ਦਿੱਤੀਆਂ ਹੋਈਆਂ ਸਨ।

ਇਹ ਵੀ ਪੜ੍ਹੋ: ਭੁਲੱਥ ਦੇ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਰੰਗੇ ਹੱਥੀਂ ਫੜਿਆ ਜੋੜਾ

ਇਹ ਪੋਸਟ ਵੇਖ ਕੇ ਅਮਰਜੀਤ ਕੌਰ ਹੈਰਾਨ ਰਹਿ ਗਈ। ਉਹ ਤੁਰੰਤ ਸੋਨਿਕਾ ਦੇ ਗੁਰੂਗ੍ਰਾਮ ਸਥਿਤ ਘਰ ਲਈ ਰਵਾਨਾ ਹੋ ਗਈ। ਉਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ 25 ਨਵੰਬਰ 2020 ਤੋਂ ਇਟਲੀ ਤੋਂ ਭਾਰਤ ਆਇਆ ਹੋਇਆ ਹੈ। ਜਦੋਂ ਕਿ ਸੋਨਿਕਾ 13 ਨਵੰਬਰ ਨੂੰ ਘਰੋਂ ਚਲੀ ਗਈ ਸੀ। ਸੋਨਿਕਾ ਨੇ ਆਪਣੀ ਮਾਂ ਨੂੰ ਵੀ ਦੱਸਿਆ ਹੋਇਆ ਸੀ ਕਿ ਉਹ ਪਰਮਿੰਦਰ ਸਿੰਘ ਨਾਲ ਵਿਆਹ ਕਰ ਰਹੀ ਹੈ, ਅਜਿਹੇ ਵਿਚ ਅਮਰਜੀਤ ਕੌਰ ਨੇ ਆਪਣੇ ਪਤੀ ਖ਼ਿਲਾਫ਼ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ ਅਤੇ ਸੋਨਿਕਾ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ 50 ਹਜ਼ਾਰ ਰੁਪਏ ਦਾ ਫਰਾਡ ਕਰਨ ਦੀ ਜਲੰਧਰ ਕਮਿਸ਼ਨਰੇਟ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਥਾਣਾ ਨੰਬਰ 1 ਵਿਚ ਮੁਲਜ਼ਮ ਪਰਮਿੰਦਰ ਸਿੰਘ ਅਤੇ ਮਹਿਲਾ ਏਜੰਟ ਸੋਨਿਕਾ ਦਲਾਲ ਖ਼ਿਲਾਫ਼ ਧਾਰਾ 420, 120-ਬੀ ਅਤੇ 494 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News