ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 8.50 ਲੱਖ ਦੀ ਠੱਗੀ

Monday, Mar 26, 2018 - 08:30 AM (IST)

ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 8.50 ਲੱਖ ਦੀ ਠੱਗੀ

ਮੋਗਾ (ਆਜ਼ਾਦ) - ਪਿੰਡ ਘੱਲ ਕਲਾਂ ਨਿਵਾਸੀ ਰਾਜਪਾਲ ਸਿੰਘ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੁਧਿਆਣਾ ਸਥਿਤ ਟਰੈਵਲ ਏਜੰਟਾਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ 8 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਰਾਜਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਕਿਹਾ ਕਿ ਉਹ ਮੋਗਾ 'ਚ ਆਪਣਾ ਆਈਲੈਟਸ ਸੈਂਟਰ ਚਲਾ ਰਿਹਾ ਹੈ। ਇਸ ਦੌਰਾਨ ਮੇਰੀ ਕਥਿਤ ਦੋਸ਼ੀਆਂ ਜੋਗਿੰਦਰ ਸਿੰਘ ਨਿਵਾਸੀ ਲੁਧਿਆਣਾ, ਹਰਿੰਦਰ ਸਿੰਘ ਨਿਵਾਸੀ ਪਿੰਡ ਗਿੱਲ ਅਤੇ ਗੌਤਮ ਨਿਵਾਸੀ ਲੁਧਿਆਣਾ, ਜੋ ਸੂਰੀਆ ਕੰਪਲੈਕਸ ਨੇੜੇ ਭਾਈ ਵਾਲਾ ਚੌਕ ਲੁਧਿਆਣਾ 'ਚ ਆਪਣਾ ਸਟੈਪਅਪ ਓਵਰਸੀਜ਼ ਨਾਮਕ ਦਫਤਰ ਚਲਾਉਂਦੇ ਸਨ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਸਨ,
ਮੇਰੇ ਕੋਲ ਕਈ ਵਾਰ ਵਿਦੇਸ਼ ਭੇਜਣ ਲਈ ਕੇਸ ਵੀ ਲੈ ਕੇ ਆਉਂਦੇ ਸਨ। ਮੈਂ ਬਾਹਰ ਜਾਣ ਦਾ ਇੱਛੁਕ ਸੀ ਤੇ ਉਨ੍ਹਾਂ ਨਾਲ ਮੇਰੀ ਸਾਊਥ ਅਮਰੀਕਾ (ਉਰੂਗਵੇ) 'ਚ ਵਰਕ ਪਰਮਿਟ ਦੇ ਆਧਾਰ 'ਤੇ ਭੇਜਣ ਦੀ ਗੱਲ 25 ਜੁਲਾਈ, 2016 ਨੂੰ ਹੋਈ। ਉਨ੍ਹਾਂ ਮੇਰੇ ਕੋਲੋਂ ਕਰੀਬ 8.50 ਲੱਖ ਰੁਪਏ ਲੈ ਲਏ ਅਤੇ ਮੈਨੂੰ ਕਿਹਾ ਕਿ ਉਹ ਉਸ ਨੂੰ ਪਹਿਲਾਂ ਰਸ਼ੀਆ ਭੇਜਣਗੇ, ਉਥੋਂ ਉਸ ਨੂੰ ਉਰੂਗਵੇ ਭੇਜ ਦੇਣਗੇ। ਮੈਨੂੰ 10 ਅਕਤੂਬਰ 2016 ਨੂੰ ਦਿੱਲੀ ਏਅਰਪੋਰਟ ਤੋਂ ਮਾਸਕੋ ਰਸ਼ੀਆ ਭੇਜ ਦਿੱਤਾ ਗਿਆ। ਮੇਰੇ ਨਾਲ ਸੁਖਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ੇਰਾ ਵੀ ਸਨ, ਜਦ ਉਥੇ ਅੱਗੇ ਦੀ ਕੋਈ ਗੱਲ ਨਾ ਬਣੀ ਤਾਂ ਉਨ੍ਹਾਂ ਮੇਰਾ 15 ਨਵੰਬਰ, 2016 ਨੂੰ ਬ੍ਰਾਜ਼ੀਲ ਦਾ ਵੀਜ਼ਾ ਅਪਲਾਈ ਕਰ ਦਿੱਤਾ ਪਰ ਵੀਜ਼ਾ ਨਹੀਂ ਮਿਲਿਆ। ਇਸ ਦੇ ਬਾਅਦ ਅਸੀਂ ਵਾਪਸ ਇੰਡੀਆ ਆ ਗਏ ਅਤੇ ਜਦ ਮੈਂ ਦੋਸ਼ੀਆਂ ਨਾਲ ਸੰਪਰਕ ਕੀਤਾ ਤਾਂ ਉਹ ਟਾਲ-ਮਟੋਲ ਕਰਨ ਲੱਗੇ ਅਤੇ ਕੋਈ ਗੱਲਬਾਤ ਨਹੀਂ ਸੁਣੀ ਅਤੇ ਬਾਅਦ 'ਚ ਆਪਣਾ ਦਫਤਰ ਬੰਦ ਕਰ ਕੇ ਉਥੋਂ ਭੱਜ ਗਏ। ਇਸ ਤਰ੍ਹਾਂ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੇ ਨਾਲ 8.50 ਲੱਖ ਰੁਪਏ ਦੀ ਠੱਗੀ ਮਾਰੀ।
ਕੀ ਹੋਈ ਪੁਲਸ ਕਾਰਵਾਈ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲਾ ਪੁਲਸ ਮੁਖੀ ਮੋਗਾ ਦੇ ਹੁਕਮਾਂ 'ਤੇ ਇਸ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਰਾਜਪਾਲ ਸਿੰਘ ਦੇ ਪਿਤਾ ਗੁਰਮੇਲ ਸਿੰਘ ਦੇ ਬਿਆਨਾਂ 'ਤੇ ਉਕਤ ਟਰੈਵਲ ਏਜੰਟਾਂ ਹਰਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਗੌਤਮ ਖਿਲਾਫ ਕਥਿਤ ਮਿਲੀਭੁਗਤ ਕਰ ਕੇ ਧੋਖਾਦੇਹੀ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਦਰ 'ਚ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News