ਬੈਂਕ ਮੈਨੇਜਰ ਨੇ ਸਾਥੀਆਂ ਨਾਲ ਮਿਲ ਕੇ ਹੜੱਪੇ 4 ਲੱਖ
Saturday, Sep 09, 2017 - 08:16 AM (IST)
ਮੋਗਾ (ਆਜ਼ਾਦ) - ਮੋਗਾ ਜ਼ਿਲੇ ਦੇ ਪਿੰਡ ਮਾੜੀ ਮੁਸਤਫਾ ਨਿਵਾਸੀ ਹਰਮੇਸ਼ ਸਿੰਘ ਨੇ ਕੈਨਰਾ ਬੈਂਕ ਦੇ ਮੈਨੇਜਰ 'ਤੇ 8 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰਨ ਤੋਂ ਬਾਅਦ ਆਪਣੇ ਦੋ ਹੋਰਨਾਂ ਸਾਥੀਆਂ ਨਾਲ ਮਿਲੀਭੁਗਤ ਕਰ ਕੇ ਉਕਤ ਕਰਜ਼ੇ ਦੀ ਰਕਮ 'ਚੋਂ 4 ਲੱਖ ਰੁਪਏ ਹੜੱਪੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ?
ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਹਰਮੇਸ਼ ਸਿੰਘ ਪੁੱਤਰ ਸਾਧੂ ਸਿੰਘ ਨੇ ਕਿਹਾ ਕਿ ਪੈਸੇ ਦੀ ਘਾਟ ਹੋਣ ਕਾਰਨ ਮੈਂ ਪਿੰਡ ਚੁਪਕੀਤੀ ਦੀ ਕੈਨਰਾ ਬੈਂਕ ਦੀ ਬ੍ਰਾਂਚ ਤੋਂ ਦੁਕਾਨ ਵਾਸਤੇ ਅੱਠ ਲੱਖ ਰੁਪਏ ਦਾ ਕਰਜ਼ਾ ਦੋਸ਼ੀ ਕੁਲਵਿੰਦਰ ਸਿੰਘ ਰਾਹੀਂ ਮਨਜ਼ੂਰ ਕਰਵਾਇਆ ਸੀ। ਉਸ ਨੇ ਮੇਰੇ ਕੋਲੋਂ ਕਰਜ਼ਾ ਮਨਜ਼ੂਰ ਕਰਵਾਉਣ ਲਈ 75 ਹਜ਼ਾਰ ਰੁਪਏ ਲੈ ਲਏ। ਬਾਅਦ 'ਚ ਬੈਂਕ ਮੈਨੇਜਰ ਇੰਦਰਜੀਤ ਮਲਹੋਤਰਾ, ਕੁਲਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਨਿਵਾਸੀ ਪਿੰਡ ਮਾੜੀ ਮੁਸਤਫਾ ਨੇ ਮਿਲੀਭੁਗਤ ਕਰ ਕੇ ਉਕਤ ਕਰਜ਼ੇ ਦੀ ਰਕਮ 'ਚੋਂ ਮੈਨੂੰ 4 ਲੱਖ ਰੁਪਏ ਦੇ ਦਿੱਤੇ। ਜਦੋਂ ਮੈਂ ਬੈਂਕ ਮੈਨੇਜਰ ਤੇ ਦੂਸਰੇ ਦੋਸ਼ੀਆਂ ਨੂੰ ਪੈਸੇ ਦੇਣ ਲਈ ਕਿਹਾ ਤਾਂ ਉਹ ਮੈਨੂੰ ਟਾਲ-ਮਟੋਲ ਕਰਦੇ ਰਹੇ। ਇਸ ਤਰ੍ਹਾਂ ਦੋਸ਼ੀਆਂ ਨੇ ਮੇਰੇ ਨਾਲ 4 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ।
ਕੀ ਹੋਈ ਪੁਲਸ ਕਾਰਵਾਈ?
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲਾ ਪੁਲਸ ਮੁਖੀ ਨੇ ਇਸ ਦੀ ਜਾਂਚ ਡੀ. ਐੱਸ. ਪੀ. ਬਾਘਾਪੁਰਾਣਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਪਤਾ ਲੱਗਾ ਕਿ ਇੰਦਰਜੀਤ ਮਲਹੋਤਰਾ ਮੈਨੇਜਰ ਕੈਨਰਾ ਬੈਂਕ ਸ਼ਾਖਾ ਕੋਟਕਪੂਰਾ ਨੇ ਕੁਲਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਨਾਲ ਮਿਲੀਭੁਗਤ ਕਰ ਕੇ ਹਰਮੇਸ਼ ਸਿੰਘ ਨੂੰ ਬਿਨਾਂ ਉਸ ਦੀ ਕੋਈ ਦੁਕਾਨ ਦੇ ਅੱਠ ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰਵਾਇਆ ਤੇ ਸੇਠੀ ਜਨਰਲ ਸਟੋਰ ਅਤੇ ਪਠੇਲਾ ਜਨਰਲ ਸਟੋਰ ਦੇ ਜਾਅਲੀ ਬਿੱਲ ਤਿਆਰ ਕਰ ਕੇ ਲਾ ਦਿੱਤੇ ਅਤੇ ਹਰਮੇਸ਼ ਸਿੰਘ ਨੂੰ 4 ਲੱਖ ਰੁਪਏ ਦੇਣ ਤੋਂ ਬਾਅਦ ਬਾਕੀ ਦੇ 4 ਲੱਖ ਰੁਪਏ ਉਨ੍ਹਾਂ ਨੇ ਮਿਲੀਭੁਗਤ ਕਰ ਕੇ ਹੜੱਪ ਲਏ।
ਜਾਂਚ ਤੋਂ ਬਾਅਦ ਥਾਣਾ ਸਿਟੀ ਮੋਗਾ 'ਚ ਬੈਂਕ ਮੈਨੇਜਰ ਇੰਦਰਜੀਤ ਮਲਹੋਤਰਾ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ ਖਿਲਾਫ ਧੋਖਾਦੇਹੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
