IPO ’ਚ ਨਿਵੇਸ਼ ਦਾ ਲਾਲਚ ਦੇ ਕੇ ਬਜ਼ੁਰਗ ਨਾਲ 40 ਲੱਖ ਦੀ ਠੱਗੀ
Friday, Apr 04, 2025 - 02:06 PM (IST)

ਚੰਡੀਗੜ੍ਹ (ਸੁਸ਼ੀਲ) : ਆਈ. ਪੀ. ਓ. ’ਚ ਨਿਵੇਸ਼ ਕਰ ਕੇ 30 ਫ਼ੀਸਦੀ ਮੁਨਾਫ਼ਾ ਹੋਣ ਦਾ ਝਾਂਸਾ ਦੇ ਕੇ ਸੈਕਟਰ-35 ਵਾਸੀ ਬਜ਼ੁਰਗ ਨਾਲ 40 ਲੱਖ ਰੁਪਏ ਦੀ ਠੱਗੀ ਹੋ ਗਈ। ਜਦੋਂ ਪੀੜਤ ਨੇ ਪੈਸੇ ਕਢਵਾਉਣ ਲਈ ਕਿਹਾ ਤਾਂ ਠੱਗਾ ਨੇ ਖ਼ਾਤਾ ਹੀ ਡਿਲੀਟ ਕਰ ਦਿੱਤਾ। ਬਜ਼ੁਰਗ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਮਾਮਲਾ ਦਰਜ ਕਰ ਲਿਆ ਹੈ। ਸੈਕਟਰ 35-ਡੀ ਵਾਸੀ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਨੂੰ ਔਰਤ ਦਾ ਫੋਨ ਆਇਆ ਜਿਸ ਨੇ ਸੀਨੀਅਰ ਮੈਨੇਜਰ ਦਿਵਯਾਂਸ਼ੀ ਦੱਸਦਿਆਂ ਆਈ. ਪੀ. ਓ. ’ਚ ਨਿਵੇਸ਼ ਕਰਨ ’ਤੇ 30 ਫ਼ੀਸਦੀ ਲਾਭ ਮਿਲਣ ਬਾਰੇ ਦੱਸਿਆ।
ਪਰਮਜੀਤ ਨੂੰ 240 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਨਿਵੇਸ਼ ਕਰਨ ਲਈ ਕਿਹਾ ਗਿਆ। ਵੱਧ ਮੁਨਾਫ਼ੇ ਦਾ ਲਾਲਚ ਦੇ ਕੇ ਠੱਗਾਂ ਨੇ 40 ਲੱਖ ਰੁਪਏ ਦੀ ਠੱਗੀ ਮਾਰ ਲਈ। ਪੀੜਤ ਨੇ 35 ਲੱਖ ਆਰ. ਟੀ. ਜੀ. ਤੇ 5 ਲੱਖ ਰੁਪਏ ਗੂਗਲ ਪੇਅ ਰਾਹੀਂ ਖ਼ਾਤਿਆਂ ’ਚ ਜਮ੍ਹਾਂ ਕਰਵਾਏ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।