ਫਲੈਟ ਵੇਚਣ ਦੇ ਨਾਂ ''ਤੇ ਲੱਖਾਂ ਦੀ ਠੱਗੀ, ਪ੍ਰਾਪਰਟੀ ਡੀਲਰ ਜੋੜੇ ਸਣੇ 3 ਨਾਮਜ਼ਦ
Saturday, Dec 28, 2024 - 01:54 PM (IST)
ਖਰੜ (ਰਣਬੀਰ) : ਫਲੈਟ ਵੇਚਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਧੋਖਾਧੜੀ ਨੂੰ ਅੰਜਾਮ ਦੇਣ ਦੇ ਦੋਸ਼ 'ਚ ਥਾਣਾ ਸਦਰ ਪੁਲਸ ਨੇ ਨਿਊ ਸੰਨੀ ਇਨਕਲੇਵ ਜੰਡਪੁਰ ਵਿਖੇ ਰਿਹਾਸ ਪ੍ਰਾਪਰਟੀ ਦੇ ਡਾਇਰੈਕਟਰ ਪਤੀ-ਪਤਨੀ ਸ਼ਿਵਕੁਮਾਰ ਸ਼ਰਮਾ, ਨੇਹਾ ਸ਼ਰਮਾ ਅਤੇ ਕਾਰੋਬਾਰ ਸਹਿਯੋਗੀ ਜ਼ੀਰਕਪੁਰ ਢਕੌਲੀ ਵਾਸੀ ਵਿਕਾਸ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦਰਪਣ ਗ੍ਰੀਨ ਸੁਸਾਇਟੀ ਦੇ ਵਸਨੀਕ ਓਂਕਾਰ ਸਿੰਘ ਨੇ ਦੱਸਿਆ ਕਿ ਉਹ ਖਰੜ 'ਚ ਇਕ ਫਲੈਟ ਖ਼ਰੀਦਣਾ ਚਾਹੁੰਦਾ ਸੀ। ਇਸ ਸਬੰਧੀ ਉਹ ਜੰਡਪੁਰ ਰੋਡ ’ਤੇ ਸਥਿਤ ਰਿਹਾਸ ਪ੍ਰਾਪਰਟੀ ਦੇ ਉਕਤ ਮੁਲਜ਼ਮਾਂ ਨੂੰ ਮਿਲਿਆ।
ਉਨ੍ਹਾਂ ਨੇ ਉਸ ਨੂੰ ਏਕਮ ਹਾਈਟਸ ਖਾਨਪੁਰ ’ਚ ਕੁੱਝ ਫਲੈਟ ਵਿਖਾਏ। ਜਿਨ੍ਹਾਂ ’ਚੋਂ ਉਸ ਨੂੰ ਫਲੈਟ ਨੰਬਰ 32-ਏ ਪਸੰਦ ਆ ਗਿਆ। ਮੁਲਜ਼ਮ ਸ਼ਿਵ ਕੁਮਾਰ ਨੇ ਦੱਸਿਆ ਕਿ ਇਹ ਫਲੈਟ ਸੁਖਵਿੰਦਰ ਸਿੰਘ ਦਾ ਹੈ, ਜਿਸ ਨੇ ਉਨ੍ਹਾਂ ਨੂੰ ਇਹ ਫਲੈਟ ਵੇਚਣ ਦੇ ਅਧਿਕਾਰ ਦਿੱਤੇ ਹਨ ਅਤੇ ਉਨ੍ਹਾਂ ਨੇ ਇਸ ਦੀ ਡਾਇਰੈਕਟ ਡੀਲ ਕੀਤੀ ਹੋਈ ਹੈ। ਮਾਲਕ ਸਿਰਫ਼ ਦਸਤਾਵੇਜ਼ਾਂ ’ਤੇ ਦਸਤਖ਼ਤ ਕਰੇਗਾ ਅਤੇ ਰਜਿਸਟਰੀ ਕਰਵਾਏਗਾ। ਓਂਕਾਰ ਸਿੰਘ ਮੁਤਾਬਕ ਉਸ ਨੇ ਉਨ੍ਹਾਂ ਦੀ ਗੱਲ ਨਾਲ ਸਹਿਮਤ ਹੋ ਕੇ ਫਲੈਟ ਦਾ ਸੌਦਾ 28 ਲੱਖ ’ਚ ਤੈਅ ਕਰ ਲਿਆ। ਇਸ ਦੇ ਬਦਲੇ ਪਿਛਲੇ ਸਾਲ ਜੂਨ ’ਚ ਮੁਲਜ਼ਮਾਂ ਨੇ ਉਸ ਕੋਲੋਂ 5 ਲੱਖ ਰੁਪਏ ਨਕਦ ਬਿਆਨਾ ਰਕਮ ਵਜੋਂ ਲੈ ਲਏ ਅਤੇ ਸੁਖਵਿੰਦਰ ਸਿੰਘ ਵੱਲੋਂ ਦਸਤਖ਼ਤ ਕੀਤੇ ਬਿਆਨਾ ਦਸਤਾਵੇਜ਼ ਉਸ ਨੂੰ ਦੇ ਦਿੱਤੇ।
ਇਸ ਦੇ ਲਈ ਰਜਿਸਟਰੀ ਦੀ ਮਿਤੀ 24 ਅਗਸਤ ਤੈਅ ਕੀਤੀ ਗਈ। ਮੁਲਜ਼ਮਾਂ ਨੇ ਲੋਨ ਕਰਵਾਉਣ ਦਾ ਵਾਅਦਾ ਵੀ ਕੀਤਾ ਅਤੇ 1.50 ਲੱਖ ਰੁਪਏ ਹੋਰ ਲੈ ਲਏ। ਬਾਅਦ 'ਚ ਦੱਸਿਆ ਗਿਆ ਕਿ ਓਂਕਾਰ ਸਿੰਘ ਦਾ ਸਿੱਬਲ ਸਕੋਰ ਖ਼ਰਾਬ ਹੋਣ ਕਰਕੇ ਲੋਨ ਨਹੀਂ ਹੋ ਸਕਦਾ, ਇਸ ਲਈ ਫਲੈਟ ਕਿਸੇ ਹੋਰ ਨੂੰ ਵੇਚ ਦਿੱਤਾ ਜਾਵੇਗਾ ਅਤੇ ਦਰਖ਼ਾਸਤਕਰਤਾ ਨੂੰ ਉਸ ਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ। ਕਾਫ਼ੀ ਦਿਨ ਬੀਤਣ ਮਗਰੋਂ ਮੁਲਜ਼ਮਾਂ ਨੇ 2 ਲੱਖ ਰੁਪਏ ਦਾ ਚੈੱਕ ਉਸ ਨੂੰ ਦੇ ਦਿੱਤਾ, ਜੋ ਬਾਊਂਸ ਹੋ ਗਿਆ। ਬਾਅਦ ’ਚ 50 ਹਜ਼ਾਰ ਰੁਪਏ ਆਨਲਾਈਨ ਟਰਾਂਸਫਰ ਕੀਤੇ ਅਤੇ 1 ਲੱਖ 20 ਹਜ਼ਾਰ ਨਕਦ ਵਾਪਸ ਕੀਤੇ, ਪਰ ਬਾਕੀ ਰਕਮ ਨਹੀਂ ਦਿੱਤੀ। ਉਨ੍ਹਾਂ ਨੇ 5.20 ਲੱਖ ਦੇ 5 ਚੈੱਕ ਵੀ ਦਿੱਤੇ, ਜੋ ਬਾਊਂਸ ਹੋ ਗਏ। ਇਸ ਤਰ੍ਹਾਂ ਮੁਲਜ਼ਮਾਂ ਨੇ ਉਸ ਕੋਲੋਂ 6.50 ਲੱਖ ਰੁਪਏ ਬਿਆਨਾ ਰਕਮ ਵਜੋਂ ਲਏ ਪਰ ਕੇਵਲ 1.70 ਲੱਖ ਹੀ ਉਸ ਨੂੰ ਵਾਪਸ ਕੀਤੇ। ਇਸ ਤਰੀਕੇ ਨਾਲ ਉਨ੍ਹਾਂ ਨੇ ਸਾਜ਼ਿਸ਼ ਅਧੀਨ 4.80 ਲੱਖ ਦੀ ਠੱਗੀ ਨੂੰ ਅੰਜਾਮ ਦਿੱਤਾ। ਜਿਸ ਦੀ ਸ਼ਿਕਾਇਤ ’ਤੇ ਪੁਲਸ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।