ਪਲਾਟ ਵੇਚਣ ਦੇ ਨਾਂ ’ਤੇ ਪਰਵਾਸੀ ਔਰਤ ਨਾਲ ਪੌਣੇ 3 ਲੱਖ ਦੀ ਠੱਗੀ

Tuesday, Dec 24, 2024 - 02:22 PM (IST)

ਪਲਾਟ ਵੇਚਣ ਦੇ ਨਾਂ ’ਤੇ ਪਰਵਾਸੀ ਔਰਤ ਨਾਲ ਪੌਣੇ 3 ਲੱਖ ਦੀ ਠੱਗੀ

ਖਰੜ (ਰਣਬੀਰ) : ਪਲਾਟ ਵੇਚਣ ਦੇ ਨਾਂ ’ਤੇ ਬਿਹਾਰ ਦੀ ਪਰਵਾਸੀ ਔਰਤ ਨਾਲ 2.75 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਖਰੜ ਸਦਰ ਪੁਲਸ ਨੇ ਪਿੰਡ ਤੋਲੇ ਮਾਜਰਾ ਵਾਸੀ ਸਤਬੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ ਸ਼ਿਕਾਇਤ ’ਚ ਚੰਡੀਗੜ੍ਹ ਸੈਕਟਰ-56 ਵਾਸੀ ਮੀਨਾ ਦੇਵੀ ਨੇ ਦੱਸਿਆ ਕਿ ਉਹ ਮੋਹਾਲੀ ਦੀ ਪ੍ਰਾਈਵੇਟ ਕੰਪਨੀ ’ਚ ਨੌਕਰੀ ਕਰਦੀ ਹੈ। ਉਸ ਨਾਲ ਕੰਮ ਕਰਦੀ ਇਕ ਹੋਰ ਔਰਤ ਨੇ ਉਸ ਨੂੰ ਦੱਸਿਆ ਕਿ ਉਸ ਨੇ ਅਤੇ ਉਸ ਦੀ ਭੈਣ ਨੇ ਪਿੰਡ ਤੋਲੇ ਮਾਜਰਾ ’ਚ ਸਸਤੇ ਪਲਾਟ ਖ਼ਰੀਦੇ ਹਨ ਅਤੇ ਉੱਥੇ ਹੋਰ ਪਲਾਟ ਵੀ ਹਨ। ਜੇਕਰ ਖ਼ਰੀਦਣ ਦੀ ਇੱਛਾ ਹੋਵੇ ਤਾਂ ਪਲਾਟ ਮਾਲਕ ਨਾਲ ਗੱਲ ਕਰਵਾ ਸਕਦਾ ਹੈ।

ਇਸ ਤਰ੍ਹਾਂ ਔਰਤ ਰਾਹੀਂ ਨਵੰਬਰ 2019 ’ਚ ਮੀਨਾ ਦੇਵੀ ਪਲਾਟ ਮਾਲਕ ਸਤਬੀਰ ਸਿੰਘ ਨਾਲ ਮਿਲੀ। ਇਸ ਪਿੱਛੋਂ ਪਲਾਟ ਦਾ ਸੌਦਾ 2.40 ਲੱਖ ਰੁਪਏ ’ਚ ਤੈਅ ਹੋ ਗਿਆ। ਮੀਨਾ ਨੇ 1.10 ਲੱਖ ਰੁਪਏ ਨਕਦ ਬਿਆਨੇ ਵਜੋਂ ਦੇ ਦਿੱਤੇ ਅਤੇ 2 ਸਤੰਬਰ 2020 ਨੂੰ ਰਜਿਸਟਰੀ ਕਰਵਾਉਣ ਦਾ ਸਮਾਂ ਨਿਰਧਾਰਿਤ ਕਰ ਲਿਆ। ਉਪਰੰਤ ਸ਼ਿਕਾਇਤਕਰਤਾ ਨੇ ਤਿੰਨ ਕਿਸ਼ਤਾਂ ’ਚ ਬਾਕੀ ਪੈਸਿਆਂ ਦਾ ਭੁਗਤਾਨ ਕਰ ਦਿੱਤਾ। ‌ਦੋਸ਼ੀ ਨੇ ਰਜਿਸਟਰੀ ਖ਼ਰਚ, ਸਟੈਂਪ ਪੇਪਰ ਤੇ ਹੋਰ ਦਸਤਾਵੇਜ਼ ਬਣਾਉਣ ਲਈ 25 ਹਜ਼ਾਰ ਰੁਪਏ ਲੈ ਲਏ। ਇਸ ਦੇ ਬਾਵਜੂਦ ਢਾਈ ਸਾਲ ਲੰਘਣ ’ਤੇ ਵੀ ਰਜਿਸਟਰੀ ਨਹੀਂ ਹੋਈ ਅਤੇ ਹਰ ਵਾਰ ਨਵੀਂ ਤਾਰੀਖ਼ ’ਤੇ ਮੁਲਜ਼ਮ ਕੋਈ ਨਾ ਕੋਈ ਬਹਾਨਾ ਬਣਾਉਂਦਾ ਰਿਹਾ। ਅਖ਼ੀਰ ਸ਼ਿਕਾਇਤਕਰਤਾ ਨੇ ਜਦੋਂ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਸਤਬੀਰ ਸਿੰਘ ਕੋਲ ਕੋਈ ਪਲਾਟ ਹੀ ਨਹੀਂ ਸੀ। ਇਸ ਤਰ੍ਹਾਂ ਵਿਅਕਤੀ ਨੇ ਕਰੀਬ 2.75 ਲੱਖ ਰੁਪਏ ਦੀ ਧੋਖਾਧੜੀ ਕੀਤੀ ਸੀ।
 


author

Babita

Content Editor

Related News