ਪੈਸੇ ਦੇਣ ਦੇ ਬਹਾਨੇ ਕੁੜੀ ਦੇ ਖ਼ਾਤੇ ’ਚੋਂ ਕੱਢਵਾਏ ਠੱਗੇ 27 ਹਜ਼ਾਰ
Tuesday, Oct 29, 2024 - 01:16 PM (IST)
ਚੰਡੀਗੜ੍ਹ (ਸੁਸ਼ੀਲ) : ਨੌਸਰਬਾਜ਼ ਨੇ ਪੈਸੇ ਦੇਣ ਬਹਾਨੇ ਕੁੜੀ ਦੇ ਖ਼ਾਤੇ ’ਚੋਂ 27 ਹਜ਼ਾਰ ਰੁਪਏ ਕੱਢਵਾ ਲਏ। ਇੰਡਸਟ੍ਰੀਅਲ ਏਰੀਆ ਨਿਵਾਸੀ ਪੂਜਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕਰਨ ’ਤੇ ਸਾਈਬਰ ਸੈੱਲ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੀੜਤ ਪੂਜਾ ਨੇ ਪੁਲਸ ਨੂੰ ਦੱਸਿਆ ਕਿ 17 ਅਗਸਤ, 2024 ਨੂੰ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਕਿਹਾ ਕਿ ਤੁਹਾਡੇ ਪਿਤਾ ਨੂੰ 13 ਹਜ਼ਾਰ ਰੁਪਏ ਦੇਣੇ ਹਨ। ਪੂਜਾ ਨੇ ਪੈਸੇ ਸਕੈਨ ਕਰਨ ਲਈ ਕਿਹਾ ਤਾਂ ਫੋਨ ਕਰਨ ਵਾਲੇ ਨੇ ਸਕੈਨਰ ਖ਼ਰਾਬ ਦਾ ਬਹਾਨਾ ਬਣਾਇਆ।
ਉਸ ਦੇ ਫੋਨ ’ਤੇ 10 ਹਜ਼ਾਰ ਰੁਪਏ ਆਉਣ ਦਾ ਮੈਸੇਜ ਆਇਆ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਤਿੰਨ ਹਜ਼ਾਰ ਦੀ ਬਜਾਏ ਉਸ ਨੇ ਗਲਤੀ ਨਾਲ 30 ਹਜ਼ਾਰ ਰੁਪਏ ਕਰ ਦਿੱਤੇ ਹਨ। ਉਸ ਨੇ ਪੈਸੇ ਵਾਪਸ ਮੰਗਣ ’ਤੇ ਉਸ ਨੇ 27 ਹਜ਼ਾਰ ਰੁਪਏ ਵਾਪਸ ਕਰ ਦਿੱਤੇ। ਸ਼ਿਕਾਇਤਕਰਤਾ ਨੇ ਖ਼ਾਤਾ ਚੈੱਕ ਕੀਤਾ ਤਾਂ ਉਸ ਦੇ ਖ਼ਾਤੇ ’ਚ ਕੋਈ ਪੈਸਾ ਨਹੀਂ ਆਇਆ ਸੀ। ਨੌਸਰਬਾਜ਼ ਨੇ ਬਾਅਦ ’ਚ ਫੋਨ ਬੰਦ ਕਰ ਲਿਆ। ਪੁਲਸ ਬੈਂਕ ਖ਼ਾਤੇ ਨੰਬਰ ਰਾਹੀਂ ਠੱਗ ਦੀ ਭਾਲ ’ਚ ਲੱਗੀ ਹੋਈ ਹੈ।