ਸਵਾ ਕਰੋੜ ’ਚ ਕੋਠੀ ਦਾ ਸੌਦਾ ਕਰ ਕੇ 80 ਲੱਖ ਲੈਣ ਦੇ ਬਾਵਜੂਦ ਨਹੀਂ ਕਰਵਾਈ ਰਜਿਸਟਰੀ
Thursday, Jul 04, 2024 - 01:54 PM (IST)
ਖਰੜ (ਰਣਬੀਰ) : ਕੋਠੀ ਵੇਚਣ ਦੇ ਨਾਂ ’ਤੇ ਇੱਕ ਵਿਅਕਤੀ ਨਾਲ 80 ਲੱਖ ਰੁਪਏ ਦੀ ਵੱਡੀ ਧੋਖਾਧੜੀ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਸਿਟੀ ਪੁਲਸ ਨੇ ਐੱਸ. ਐੱਸ. ਪੀ. ਮੋਹਾਲੀ ਦੇ ਹੁਕਮਾਂ ’ਤੇ ਜਸਪਾਲ ਸਿੰਘ ਨਾਮਕ ਵਿਅਕਤੀ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਇੱਥੋਂ ਦੇ ਨੇੜਲੇ ਪਿੰਡ ਸਿੰਬਲ ਮਾਜਰਾ ਦੇ ਵਸਨੀਕ ਮਨਜੀਤ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਕਿ ਪਿਛਲੇ ਸਾਲ ਉਸ ਨੇ ਸਥਾਨਕ ਗਾਰਡਨ ਕਾਲੋਨੀ ’ਚ 250 ਗਜ਼ ਦੀ ਕੋਠੀ ਖ਼ਰੀਦਣ ਲਈ ਕੋਠੀ ਦੇ ਮਾਲਕ ਜਸਪਾਲ ਸਿੰਘ ਨਾਲ 1.24 ਕਰੋੜ ਰੁਪਏ ’ਚ ਸੌਦਾ ਤੈਅ ਕੀਤਾ ਸੀ, ਜਿਸ ਦੇ ਬਦਲੇ ਉਸ ਨੇ ਜਸਪਾਲ ਸਿੰਘ ਨੂੰ 20 ਲੱਖ ਰੁਪਏ ਆਨਲਾਈਨ ਅਤੇ 30 ਲੱਖ ਰੁਪਏ ਨਕਦ ਬਿਆਨਾ ਰਾਸ਼ੀ ਵੱਜੋਂ ਦਿੱਤੇ ਸਨ।
ਇਸ ਤੋਂ ਬਾਅਦ 24 ਅਗਸਤ ਨੂੰ ਰਜਿਸਟਰੀ ਕਰਵਾਉਣ ਲਈ ਸਮਾਂ ਤੈਅ ਕੀਤਾ ਗਿਆ ਪਰ ਜਸਪਾਲ ਸਿੰਘ ਨੇ ਕਿਸੇ ਨਿੱਜੀ ਕੰਮ ਕਾਰਨ ਘਰ ਖ਼ਾਲੀ ਨਾ ਹੋਣ ਕਾਰਨ ਰਜਿਸਟਰੀ ਦੀ ਤਾਰੀਖ਼ ਵਧਾਉਣ ਲਈ ਕਿਹਾ। ਇਸ ਤੋਂ ਬਾਅਦ 29 ਅਕਤੂਬਰ ਨੂੰ ਰਜਿਸਟਰੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਪਰ ਕੋਠੀ ਦਾ ਨਕਸ਼ਾ ਪਾਸ ਨਾ ਹੋਣ ਅਤੇ ਐੱਨ. ਓ. ਸੀ. ਨਾ ਮਿਲਣ ਦੀ ਗੱਲ ਕਹਿ ਕੇ ਰਜਿਸਟਰੀ ਦੀ ਤਾਰੀਖ਼ ਫਿਰ ਵਧਾ ਦਿੱਤੀ ਗਈ। ਇਸ ਤੋਂ ਬਾਅਦ ਜਸਪਾਲ ਨੇ ਮਨਜੀਤ ਸਿੰਘ ਤੋਂ 15 ਲੱਖ ਰੁਪਏ ਹੋਰ ਨਕਦ ਵਸੂਲ ਲਏ ਤੇ ਰਜਿਸਟਰੀ 25 ਨਵੰਬਰ ਨੂੰ ਕਰਵਾਉਣ ਦੀ ਗੱਲ ਕਹੀ ਗਈ।
ਇਸ ਤੋਂ ਬਾਅਦ 17 ਨਵੰਬਰ ਨੂੰ 5 ਲੱਖ ਰੁਪਏ ਲਏ ਗਏ। ਹੁਣ ਫਾਈਨਲ ਰਜਿਸਟਰੀ ਕਰਨ ਲਈ 21 ਦਸੰਬਰ ਦੀ ਤਾਰੀਖ਼ ਤੈਅ ਕੀਤੀ ਗਈ। ਜਿਸ ਕਾਰਨ 11 ਦਸੰਬਰ ਨੂੰ ਜਸਪਾਲ ਸਿੰਘ ਨੇ 10 ਲੱਖ ਰੁਪਏ ਹੋਰ ਲੈ ਲਏ ਪਰ ਫਿਰ ਵੀ ਤੈਅ ਸਮੇਂ ’ਤੇ ਰਜਿਸਟਰੀ ਨਹੀਂ ਕਰਵਾਈ। ਬਾਅਦ ’ਚ ਜਦੋਂ ਰਜਿਸਟਰੀ ਕਰਵਾਉਣ ਲਈ ਕਿਹਾ ਤਾਂ ਮੁਲਜ਼ਮ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਰਜਿਸਟਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜਿਵੇਂ ਹੀ ਆਪਣੇ ਨਾਲ ਹੋਈ ਇਸ ਜਾਅਲਸਾਜ਼ੀ ਦਾ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਸਥਾਨਕ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।