ਆਨਲਾਈਨ ਪੈਨਸ਼ਨ ਚੈੱਕ ਕਰਨ ਲਈ ਖੋਲ੍ਹਿਆ ਲਿੰਕ, ਉੱਡੇ 11 ਲੱਖ
Monday, Feb 12, 2024 - 11:44 AM (IST)
ਲੁਧਿਆਣਾ (ਰਿਸ਼ੀ) : ਪੈਨਸ਼ਨ ਆਨਲਾਈਨ ਚੈੱਕ ਕਰਨ ਲਈ ਲਿੰਕ ਖੋਲ੍ਹਣਾ ਇਕ ਵਿਅਕਤੀ ਨੂੰ ਮਹਿੰਗਾ ਸਾਬਤ ਹੋ ਗਿਆ ਅਤੇ ਉਸ ਦੇ ਖ਼ਾਤੇ 'ਚੋਂ 11 ਲੱਖ ਰੁਪਏ ਨਿਕਲ ਗਏ। ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਸ ਨੇ 5 ਲੋਕਾਂ ਖ਼ਿਲਾਫ਼ ਧੋਖਾਧੜੀ, ਆਈ.ਟੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਅਨੁਸਾਰ ਮੁਲਜ਼ਮਾਂ ਦੀ ਪਛਾਣ ਅਜੀਤ ਕੁਮਾਰ ਵਾਸੀ ਤਾਮਿਲਨਾਡੂ, ਕ੍ਰਿਸ਼ਨ ਕੁਮਾਰ ਵਾਸੀ ਮੱਧ ਪ੍ਰਦੇਸ਼, ਸੰਜੇ ਕੁਮਾਰ, ਸੀਤਾ ਰਾਮ ਵਾਸੀ ਬਿਹਾਰ, ਅਮੀ ਕੇਵ ਵਾਸੀ ਬੰਗਾਲ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਵਿੰਦਰ ਕੁਮਾਰ ਵਰਮਾ ਵਾਸੀ ਜਨਤਾ ਇਨਕਲੇਵ ਦੁੱਗਰੀ ਨੇ ਦੱਸਿਆ ਕਿ 20 ਅਕਤੂਬਰ ਨੂੰ ਜਦੋਂ ਉਸਨੇ ਆਪਣੀ ਪੈਨਸ਼ਨ ਸਲਿੱਪ ਆਨਲਾਈਨ ਚੈੱਕ ਕਰਨ ਲਈ ਲਿੰਕ ਖੋਲ੍ਹਿਆ ਤਾਂ ਉਕਤ ਦੋਸ਼ੀਆਂ ਨੇ 11 ਲੱਖ 14 ਹਜ਼ਾਰ 988 ਰੁਪਏ ਵੱਖ-ਵੱਖ ਖ਼ਾਤਿਆਂ 'ਚ ਟਰਾਂਸਫਰ ਕਰ ਦਿੱਤੇ, ਜਿਸ ਤੋਂ ਬਾਅਦ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਗਈ।