ਸਬ-ਇੰਸਪੈਕਟਰ ਭਰਤੀ ਕਰਵਾਉਣ ਦੇ ਨਾਂ ’ਤੇ ਸਾਢੇ 14 ਲੱਖ ਦੀ ਠੱਗੀ
Friday, Dec 22, 2023 - 03:22 PM (IST)
ਖਰੜ (ਰਣਬੀਰ) : ਪੰਜਾਬ ਪੁਲਸ 'ਚ ਭਰਤੀ ਕਰਵਾਉਣ ਦੇ ਨਾਂ ’ਤੇ ਇਕ ਨੌਜਵਾਨ ਨਾਲ 14,50,000 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਦਰ ਪੁਲਸ ਵਲੋਂ ਗੁਰਸਿਮਰਨ ਸਿੰਘ, ਜੋ ਮਹਿਕਮੇ ਦਾ ਹੀ ਮੁਲਾਜ਼ਮ ਦੱਸਿਆ ਜਾ ਰਿਹਾ ਹੈ, ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਭੁੱਖੜੀ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ 2021 ਵਿਚ ਮਹਿਕਮਾ ਪੰਜਾਬ ਪੁਲਸ ਵਲੋਂ ਸਬ-ਇੰਸਪੈਕਟਰ ਭਰਤੀ ਸਬੰਧੀ ਪੋਸਟਾਂ ਕੱਢੀਆਂ ਗਈਆਂ ਸਨ, ਜਿਸ ਦੇ ਬਦਲੇ ਉਸ ਨੇ ਭਰਤੀ ਲਈ ਅਪਲਾਈ ਕੀਤਾ ਸੀ।
ਇਸ ਸਭ ਦੌਰਾਨ ਉਨ੍ਹਾਂ ਦੀ ਰਿਸ਼ਤੇਦਾਰੀ ਵਿਚੋਂ ਗੁਰਸਿਮਰਨ ਸਿੰਘ ਵਾਸੀ ਪਿੰਡ ਹੁਸ਼ਿਆਰਪੁਰ ਥਾਣਾ ਮੁੱਲਾਂਪੁਰ, ਜੋ ਸਿਪਾਹੀ ਲੱਗਾ ਹੈ, ਦੇ ਸੰਪਰਕ ਵਿਚ ਆਇਆ, ਜਿਸ ਨੇ ਭਰੋਸਾ ਦਿੱਤਾ ਕਿ ਉਹ ਉਸ ਨੂੰ ਮਹਿਕਮੇ ਵਿਚ ਸਬ-ਇੰਸਪੈਕਟਰ ਭਰਤੀ ਕਰਵਾ ਦੇਵੇਗਾ ਤੇ ਸਾਢੇ 14 ਲੱਖ ਰੁਪਏ ਦੀ ਮੰਗ ਕੀਤੀ, ਜੋ ਵੱਖ-ਵੱਖ ਸਮੇਂ ’ਤੇ ਗੁਰਸਿਮਰਨ ਸਿੰਘ ਨੂੰ ਦੇ ਦਿੱਤੀ। ਭਰਤੀ ਰੱਦ ਹੋਣ ’ਤੇ ਅਕਤੂਬਰ 2022 ਵਿਚ ਫਿਰ ਲਿਖਤੀ ਟੈਸਟ ਜਲੰਧਰ ਵਿਖੇ ਹੋਇਆ ਪਰ ਉਸ ਦਾ ਨਾਂ ਮੈਰਿਟ ਲਿਸਟ ਵਿਚ ਨਹੀਂ ਆਇਆ।
ਜਦੋਂ ਗੁਰਸਿਮਰਨ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਉਸ ਦੇ ਪੈਸੇ ਜਲਦ ਹੀ ਵਾਪਸ ਕਰ ਦੇਵੇਗਾ ਪਰ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਧਮਕੀਆਂ ਦੇਣ ਲੱਗਾ। ਅਖੀਰ ਉਸਨੇ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ।