ਕਸਟਮਰ ਕੇਅਰ ''ਤੇ ਕੀਤੀ ਕਾਲ, ਖ਼ਾਤੇ ''ਚੋਂ ਕੱਢਵਾ ਲਏ 89 ਹਜ਼ਾਰ

03/25/2023 2:39:04 PM

ਚੰਡੀਗੜ੍ਹ (ਸੰਦੀਪ) : ਮੋਬਾਇਲ 'ਚ ਪਹਿਲਾਂ ਤੋਂ ਹੀ ਸੇਵ ਕਸਟਮਰ ਕੇਅਰ ਨੰਬਰ ’ਤੇ ਕਾਲ ਕਰ ਕੇ ਮਦਦ ਲੈਣਾ ਇਕ ਗਾਹਕ ਨੂੰ ਭਾਰੀ ਪੈ ਗਿਆ। ਕਸਟਮਰ ਕੇਅਰ ਨੰਬਰ ’ਤੇ ਗੱਲ ਕਰਨ ਵਾਲੇ ਵਿਅਕਤੀ ਨੇ ਝਾਂਸਾ ਦੇ ਕੇ ਖ਼ਾਤੇ ਵਿਚੋਂ 89 ਹਜ਼ਾਰ ਰੁਪਏ ਕੱਢਵਾ ਲਏ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਕਮਲਜੀਤ ਸਿੰਘ ਠਾਕੁਰ ਨੇ ਦੱਸਿਆ ਕਿ ਉਸਦਾ ਪੇ. ਟੀ. ਐੱਮ. ਅਕਾਊਂਟ ਬੈਂਕ ਖ਼ਾਤੇ ਨਾਲ ਕੁਨੈਕਟ ਸੀ, ਜਿਸ ਨੂੰ ਆਪਰੇਟ ਕਰਨ ਲਈ ਦਿੱਕਤ ਆ ਰਹੀ ਸੀ।

ਉਸ ਦੇ ਹੱਲ ਲਈ ਹੀ ਉਸ ਨੇ ਮੋਬਾਇਲ 'ਚ ਪਹਿਲਾਂ ਤੋਂ ਹੀ ਸੇਵ ਕਸਟਮਰ ਕੇਅਰ ਨੰਬਰ ’ਤੇ ਕਾਲ ਕੀਤੀ। ਉਥੋਂ ਜਵਾਬ ਦੇਣ ਵਾਲੇ ਵਿਅਕਤੀ ਨੇ ਖ਼ੁਦ ਨੂੰ ਕੰਪਨੀ ਦਾ ਨੁਮਾਇੰਦਾ ਦੱਸਿਆ ਤੇ ਖ਼ਾਤੇ ਨਾਲ ਸਬੰਧਿਤ ਜ਼ਰੂਰੀ ਜਾਣਕਾਰੀ ਮੰਗੀ। ਜਾਣਕਾਰੀ ਲੈਣ ਤੋਂ ਬਾਅਦ ਓ. ਟੀ. ਪੀ. ਨੰਬਰ ਤੱਕ ਲੈ ਲਿਆ। ਇਸ ਤੋਂ ਬਾਅਦ ਮੁਲਜ਼ਮ ਨੇ ਇਕ ਤੋਂ ਬਾਅਦ ਇਕ 4 ਟ੍ਰਾਂਜੈਕਸ਼ਨ ਕਰ ਕੇ ਖ਼ਾਤੇ ਵਿਚੋਂ 89 ਹਜ਼ਾਰ ਰੁਪਏ ਕੱਢਵਾ ਲਏ। ਇਸ ਦਾ ਪਤਾ ਲੱਗਣ ’ਤੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


Babita

Content Editor

Related News