ਵਿਆਹ ਦੇ ਪਹਿਲੇ ਸਾਲ 'ਚ ਹੀ ਨੂੰਹ ਨੇ ਦਿਖਾਏ ਤਾਰੇ, ਕੈਨੇਡਾ ਪਹੁੰਚਦੇ ਹੀ ਤੋੜੇ ਸੰਬੰਧ

Sunday, Dec 29, 2019 - 03:56 PM (IST)

ਵਿਆਹ ਦੇ ਪਹਿਲੇ ਸਾਲ 'ਚ ਹੀ ਨੂੰਹ ਨੇ ਦਿਖਾਏ ਤਾਰੇ, ਕੈਨੇਡਾ ਪਹੁੰਚਦੇ ਹੀ ਤੋੜੇ ਸੰਬੰਧ

ਫਗਵਾੜਾ (ਜਲੋਟਾ)— ਲੜਕੇ ਨੂੰ ਕੈਨੇਡਾ ਪਹੁੰਚਾਉਣ ਲਈ ਨੂੰਹ 'ਤੇ 12 ਲੱਖ ਰੁਪਏ ਲਗਾਏ ਪਰ ਨੂੰਹ ਨੇ ਕੈਨੇਡਾ ਪਹੁੰਚਦੇ ਹੀ ਸੰਬੰਧ ਤੋੜ ਲਏ। ਲੜਕੇ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਨੂੰਹ ਸਮੇਤ ਉਸ ਦੇ ਪੇਕੇ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਮਾਲਪੁਰ ਦੇ ਵਸਨੀਕ ਹਰਪਾਲ ਸਿੰਘ ਪੁੱਤਰ ਤਾਰਾ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਲੜਕੇ ਗੁਰਜੀਤ ਸਿੰਘ ਦਾ ਵਿਆਹ ਜਸਪ੍ਰੀਤ ਕੌਰ ਪੁੱਤਰੀ ਅਰਜੁਨ ਸਿੰਘ ਵਾਸੀ ਦਸ਼ਮੇਸ਼ ਨਗਰ ਖਰੜ ਨਾਲ ਅਪ੍ਰੈਲ 2019 'ਚ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਉਕਤ ਲੜਕੀ ਨੇ ਆਈਲੈੱਟਸ ਕੀਤੀ ਹੋਈ ਸੀ ਅਤੇ ਵਿਆਹ ਮੌਕੇ ਦੇਵੇਂ ਪਰਿਵਾਰਾਂ 'ਚ ਇਕਰਾਰ ਹੋਇਆ ਸੀ ਕਿ ਲੜਕੀ ਨੂੰ ਕੈਨੇਡਾ ਭੇਜਣ ਲਈ ਦੋਵੇਂ ਪਰਿਵਾਰ ਪੈਸੇ ਲਗਾਉਣਗੇ। ਹਰਪਾਲ ਸਿੰਘ ਦੇ ਅਨੁਸਾਰ ਉਨ੍ਹਾਂ ਨੇ 12 ਲੱਖ ਰੁਪਏ ਲੜਕੀ 'ਤੇ ਖਰਚ ਕੀਤੇ ਅਤੇ ਉਹ ਕੈਨੇਡਾ ਪਹੁੰਚ ਗਈ ਅਤੇ ਲੜਕੀ ਦੇ ਕੈਨੇਡਾ ਪਹੁੰਚਣ 'ਤੇ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨਾਲ ਗੱਲਬਾਤ ਬੰਦ ਕਰ ਦਿੱਤੀ ਅਤੇ ਧਮਕੀਆਂ ਦੇਣ ਲੱਗ ਪਏ। ਇਹ ਮਾਮਲਾ ਥਾਣੇ 'ਚ ਪਹੁੰਚਿਆਂ ਪਰ ਦੋਵੇਂ ਧਿਰਾਂ 'ਚ ਸਮਝੌਤਾ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਹੁਣ ਲੜਕੀ ਵਾਲੇ ਇਸ ਸਮਝੌਤੇ ਤੋਂ ਵੀ ਮੁਕਰ ਰਹੇ ਹਨ ਨਾ 'ਤੇ ਲੜਕੇ ਨੂੰ ਕੈਨੇਡਾ ਸੱਦਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕਰ ਰਹੇ ਹਨ। ਫਗਵਾੜਾ ਪੁਲਸ ਨੇ ਜਾਂਚ ਤੋਂ ਬਾਅਦ ਕਮਲਜੀਤ ਕੌਰ ਪਤਨੀ ਅਰਜਨ ਸਿੰਘ, ਜਸਪਿੰਦਰ ਸਿੰਘ ਪੁੱਤਰ ਅਰਜੁਨ ਸਿੰਘ ਅਤੇ ਜਸਪ੍ਰੀਤ ਕੌਰ ਪੁੱਤਰ ਅਰਜੁਨ ਸਿੰਘ ਦੇ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ।


author

shivani attri

Content Editor

Related News