113 ਕਰੋੜ ਦੇ ਘਪਲੇ ''ਚ ਲੁਧਿਆਣਾ ਦੇ SEL ਦੇ ਮਾਲਕਾਂ ਖਿਲਾਫ ਕੇਸ ਦਰਜ
Thursday, Nov 07, 2019 - 05:22 PM (IST)

ਲੁਧਿਆਣਾ— ਕੇਂਦਰੀ ਜਾਂਚ ਬਿਊਰੋ ਨੇ ਭਾਰਤ ਦੀ ਇਕ ਪ੍ਰਸਿੱਧ ਟੈਕਸਟਾਈਲ ਮਿਲ ਐੱਸ. ਈ. ਐੱਲ. ਮੈਨਿਊਫੈਕਚਰਿੰਗ ਕੰਪਨੀ ਲਿਮਟਿਡ ਦੇ ਮਾਲਕਾਂ ਅਤੇ ਨਿਰਦੇਸ਼ਕਾਂ ਖਿਲਾਫ ਬੈਂਕ ਆਫ ਮਹਾਰਾਸ਼ਟਰ ਦੇ ਨਾਲ 113.55 ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਇਹ ਐੱਫ. ਆਈ. ਆਰ, ਐੱਸ. ਈ. ਐੱਲ. ਦੇ ਮਾਲਕ ਨੀਰਜ ਸਲੂਜਾ, ਧੀਰਜ ਸਲੂਜਾ, ਉਨ੍ਹਾਂ ਦੇ ਪਿਤਾ ਰਾਮ ਸ਼ਰਨ ਸਲੂਜਾ ਅਤੇ ਫਰਮ ਦੇ ਨਿਰਦੇਸ਼ਕਾਂ ਸਮੇਤ 9 ਖਿਲਾਫ ਧਾਰਾ 120ਬੀ ਆਰ/ਡਬਲਿਊ, 403 ਅਤੇ 420, ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਦਰਜ ਕੀਤਾ ਹੈ। ਬੈਂਕ ਆਫ ਮਹਾਰਾਸ਼ਟਰ ਵੱਲੋਂ ਮਨਜ਼ੂਰ ਕੀਤੇ ਗਏ ਫੰਡਾਂ 'ਚ ਧੋਖਾਧੜੀ ਅਤੇ ਗਲਤ ਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ।
ਮੰਗਲਵਾਰ ਨੂੰ ਸੀ. ਬੀ. ਆਈ. ਅਧਿਕਾਰੀਆਂ ਨੇ 7200 ਕਰੋੜ ਰੁਪਏ ਦੇ ਵੱਖ-ਵੱਖ ਬੈਂਕ ਫਰਾਡ ਦੇ 42 ਮਾਮਲਿਆਂ ਦੇ ਸਬੰਧ 'ਚ ਲੁਧਿਆਣਾ ਸਮੇਤ 187 ਸਥਾਨਾਂ 'ਤੇ ਛਾਪੇਮਾਰੀ ਕੀਤੀ ਗਈ ਸੀ। ਦਿੱਲੀ ਸੀ. ਬੀ. ਆਈ. ਅਧਿਕਾਰੀਆਂ ਦੀ ਟੀਮ ਨੇ ਲੁਧਿਆਣਾ ਦੇ ਇਕ ਸ਼ਰਾਬ ਵਪਾਰੀ ਅਤੇ ਐੱਸ. ਈ. ਐੱਲ. ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਸੀ. ਬੀ. ਆਈ. ਨੇ ਕਿਹਾ ਕਿ ਐੱਸ. ਈ. ਐੱਲ. ਖਿਲਾਫ ਬੈਂਕ ਆਫ ਮਹਾਰਾਸ਼ਟਰ ਚੰਡੀਗੜ੍ਹ ਡਿਪਟੀ ਜ਼ੋਨਲ ਮੈਨੇਜਰ ਸੰਤੋਸ਼ ਦੁਲਾਰ ਦੀ 4 ਨਵੰਬਰ ਨੂੰ ਦਿੱਤੀ ਗਈ ਸ਼ਿਕਾਇਤ 'ਚ ਐੱਸ. ਈ. ਐੱਲ. ਮੈਨਿਊਫੈਕਚਰਿੰਗ ਕੰਪਨੀ ਅਤੇ ਨਿਰਦੇਸ਼ਕਾਂ ਵੱਲੋਂ ਕੀਤੇ ਘਏ ਫਰਾਡ ਦੇ ਆਧਾਰ 'ਤੇ ਕੇਸ ਦਰਜ ਕੀਤਾ ਗਿਆ ਹੈ।