ਕੰਬਾਈਨ ਕੰਪਨੀ ਮਾਲਕ ਨਾਲ 1.45 ਲੱਖ ਦੀ ਠੱਗੀ : ਪਰਚਾ ਦਰਜ
Monday, Dec 11, 2017 - 11:04 AM (IST)
ਘੱਗਾ (ਸਨੇਹੀ)-ਥਾਣਾ ਘੱਗਾ ਪੁਲਸ ਵੱਲੋਂ ਸਥਾਨਕ ਕੰਬਾਈਨ ਕੰਪਨੀ ਦੇ ਮਾਲਕ ਨਾਲ 1 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਐੈੱਸ. ਐੈੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਗਿੱਲਪ੍ਰੀਤ ਐਗਰੋ ਦੇ ਮਾਲਕ ਹਰਪ੍ਰੀਤ ਸਿੰਘ ਪੁੱਤਰ ਹੰਸ ਰਾਜ ਵਾਸੀ ਘੱਗਾ ਨੇ ਐੱਸ. ਐੱਸ. ਪੀ. ਪਟਿਆਲਾ ਨੂੰ ਦਿੱਤੀ ਦਰਖਾਸਤ ਵਿਚ ਦੋਸ਼ ਲਾਇਆ ਸੀ ਕਿ ਕਥਿਤ ਦੋਸ਼ੀ ਅਭਿਸ਼ੇਕ ਰੰਜਨ ਉਰਫ ਅਭਿਸ਼ੇਕ ਰੰਕਾ ਜੁਆਇੰਟ ਡਾਇਰੈਕਟਰ ਗੌਰਮਿੰਟ ਆਫ ਉੱਤਰ ਪ੍ਰਦੇਸ਼ (ਕ੍ਰਿਸ਼ੀ ਭਵਨ ਮਦਨ ਮੋਹਨ ਮਾਲਵੀਆ ਮਾਰਗ ਲਖਨਊ ਨੇ ਉਸ ਨਾਲ 1.45 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੂੰ ਮੋਬਾਇਲ ਨੰਬਰ 95236-35615 ਤੋਂ ਕਾਲ ਆਈ ਕਿ ਮੈਂ ਅਭਿਸ਼ੇਕ ਰੰਜਨ ਬੋਲ ਰਿਹਾ ਹਾਂ। ਸਾਡੀ ਸਰਕਾਰ ਨੇ ਕੰਬਾਈਨ ਹਾਰਵੈਸਟਰ ਦੀ ਖਰੀਦ ਲਈ ਟੈਂਡਰ ਕੱਢੇ ਹਨ। ਇਸ ਵਿਚ ਪ੍ਰਸਿੱਧ ਕੰਬਾਈਨ ਕੰਪਨੀਆਂ ਦੇ ਨਾਲ-ਨਾਲ ਤੁਹਾਡੀ ਕੰਪਨੀ ਗਿੱਲਪ੍ਰੀਤ ਐਗਰੋ ਦਾ ਨਾਂ ਵੀ ਸ਼ਾਮਿਲ ਹੈ। ਇਸ ਲਈ ਤੁਸੀਂ 1,44,888 ਰੁਪਏ ਦਾ ਡਰਾਫਟ ਬਣਾ ਕੇ ਭੇਜੋ। ਇਹ ਮਨਿਸਟਰੀ ਆਫ ਐਗਰੀਕਲਚਰ ਲਖਨਊ ਨੂੰ ਦੇਣਾ ਹੈ ਅਤੇ ਤੁਹਾਡੇ ਕੋਲ ਸਮਾਂ ਸਿਰਫ 2.30 ਵਜੇ ਤੱਕ ਦਾ ਹੀ ਹੈ। ਇਸ ਲਈ ਤੁਸੀਂ ਉਕਤ ਰਕਮ ਮੇਰੇ ਆਈ. ਸੀ. ਆਈ. ਸੀ. ਆਈ. ਬੈਂਕ ਅਕਾਊਂਟ ਨੰਬਰ 333901500910 ਆਈ. ਐੈੱਫ. ਐੱਸ. ਸੀ ਕੋਡ, ਆਈ. ਸੀ. ਆਈ. ਸੀ. ਆਈ. 0003339 ਵਿਚ ਟਰਾਂਸਫਰ ਕਰਵਾ ਦਿਓ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਡਰਾਫਟ ਬਣਾਉਣ ਲਈ ਲੜਕਾ ਭੇਜ ਦਿੱਤਾ ਅਤੇ 1.45 ਲੱਖ ਰੁਪਏ ਉਕਤ ਅਕਾਊਂਟ ਵਿਚ ਟਰਾਂਸਫਰ ਕਰਵਾ ਦਿੱਤੇ।
ਇਸ ਤੋਂ ਬਾਅਦ ਉਸ ਨੇ 2.15 ਵਜੇ ਟੈਂਡਰ ਦੀ ਰਸੀਦ ਭੇਜ ਦਿੱਤੀ ਅਤੇ ਕਿਹਾ ਕਿ 24 ਘੰਟਿਆਂ ਬਾਅਦ ਇਹ ਯੂ. ਪੀ. ਗੌਰਮਿੰਟ ਦੀ ਐਗਰੀਕਲਚਰ ਵੈੱਬਸਾਈਟ 'ਤੇ ਸ਼ੋਅ ਹੋਣ ਲੱਗ ਪਵੇਗੀ। ਉਸ ਨੇ ਕਿਹਾ ਕਿ ਮੈਂ ਹੁਣੇ ਹੀ ਤੁਹਾਨੂੰ ਬਣਾਏ ਹੋਏ ਡਰਾਫਟ ਦੀ ਫੋਟੋਕਾਪੀ ਵਟਸਐਪ 'ਤੇ ਭੇਜ ਰਿਹਾ ਹਾਂ। ਸ਼ਾਮ ਤੱਕ ਮੈਨੂੰ ਕੁੱਝ ਨਹੀਂ ਭੇਜਿਆ। ਅਗਲੇ ਦਿਨ ਉਸ ਨੇ ਸ਼ਿਵਰਾਤਰੀ ਦੀ ਛੁੱਟੀ ਅਤੇ ਫਿਰ ਸ਼ਨੀਵਾਰ ਦਾ ਬਹਾਨਾ ਬਣਾ ਦਿੱਤਾ। ਅਖੀਰ ਉਸ ਨੇ ਆਪਣਾ ਫੋਨ ਹੀ ਬੰਦ ਕਰ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਅਭਿਸ਼ੇਕ ਰੰਜਨ ਉਰਫ ਅਭਿਸ਼ੇਕ ਰੰਕਾ ਖਿਲਾਫ ਮੁਕੱਦਮਾ ਨੰਬਰ 138 ਜੁਰਮ ਦੀ ਧਾਰਾ 406/420 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।