ਏਜੰਟਾਂ ਦੀ ਠੱਗੀ ਦੇ ਸ਼ਿਕਾਰ 5 ਨੌਜਵਾਨ ਦੁਬਈ ਤੋਂ ਪਰਤੇ

Wednesday, Dec 06, 2017 - 08:07 AM (IST)

ਏਜੰਟਾਂ ਦੀ ਠੱਗੀ ਦੇ ਸ਼ਿਕਾਰ 5 ਨੌਜਵਾਨ ਦੁਬਈ ਤੋਂ ਪਰਤੇ

ਮੋਹਾਲੀ  (ਨਿਆਮੀਆਂ) - ਸਾਬਕਾ ਚੇਅਰਪਰਸਨ ਜ਼ਿਲਾ ਯੋਜਨਾ ਕਮੇਟੀ ਤੇ ਸਮਾਜ ਸੇਵੀ ਸੰਸਥਾ ਹੈਲਪਿੰਗ ਹੋਪਲੈੱਸ ਦੀ ਸੰਚਾਲਕ ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਅਜੈ, ਕਾਰਤਿਕ, ਗੁਰਸੰਦੀਪ, ਦੀਪਕ, ਰਾਜ ਕੁਮਾਰ ਨਾਂ ਦੇ ਨੌਜਵਾਨ ਦੁਬਈ ਵਿਚ ਕੰਮ ਕਰਨ ਲਈ ਗਏ ਸਨ ਤੇ ਉਥੇ ਜਾ ਕੇ ਇਕ ਕੰਪਨੀ ਦੇ ਚੁੰਗਲ ਵਿਚ ਫਸ ਗਏ, ਜਿਥੇ ਇਨ੍ਹਾਂ ਤੋਂ ਮੁਫਤ ਕੰਮ ਕਰਵਾਇਆ ਜਾਂਦਾ ਸੀ। ਇਨ੍ਹਾਂ ਵਿਚੋਂ 2 ਪੰਜਾਬ ਦੇ ਤੇ 3 ਹਰਿਆਣੇ ਦੇ ਨੌਜਵਾਨ ਸਨ, ਜੋ ਸਾਡੇ ਸੰਪਰਕ ਵਿਚ ਆਏ ਤੇ ਪੂਰੀ ਜੱਦੋ-ਜਹਿਦ ਦੇ ਸਦਕਾ ਉਨ੍ਹਾਂ ਨੂੰ ਸਹੀ ਸਲਾਮਤ ਵਾਪਸ ਆਪਣੇ ਮੁਲਕ ਲਿਆਂਦਾ ਗਿਆ।
ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਏਜੰਟ ਮਨੋਜ, ਨਰਿੰਦਰ ਸਿੰਘ, ਅੰਬੇ ਵਾਲੀਆ ਤੇ ਸ਼ਿਵਾ ਵਾਲੀਆ ਨੇ ਦੁਬਈ ਦੇ ਵੀਜ਼ੇ ਲਗਵਾ ਕੇ ਦਿੱਤੇ ਸਨ। ਉਨ੍ਹਾਂ ਨੇ ਉਨ੍ਹਾਂ ਤੋਂ ਪ੍ਰਤੀ ਨੌਜਵਾਨ ਡੇਢ ਲੱਖ ਰੁਪਏ ਲਏ ਸਨ ਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਕੰਪਨੀ ਸਮੇਂ ਸਿਰ ਤਨਖਾਹ ਦੇਵੇਗੀ ਤੇ ਰੋਜ਼ਾਨਾ 10 ਘੰਟੇ ਕੰਮ ਕਰਨਾ ਹੈ ਪਰ ਜਦੋਂ ਉਹ ਉਥੇ ਪਹੁੰਚੇ ਤਾਂ ਜਿਹੜੀ ਕੰਪਨੀ ਦਾ ਵੀਜ਼ਾ ਦਿੱਤਾ ਗਿਆ ਸੀ, ਉਨ੍ਹਾਂ ਨੂੰ ਉਥੇ ਨਹੀਂ ਲਿਜਾਇਆ ਗਿਆ। ਉਨ੍ਹਾਂ ਤੋਂ ਦਿਨ-ਰਾਤ ਮੁਫਤ ਕੰਮ ਕਰਵਾਇਆ ਜਾਂਦਾ ਤੇ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ।
ਇਹ ਨੌਜਵਾਨ ਬੀਬੀ ਰਾਮੂਵਾਲੀਆ ਤੋਂ ਏਜੰਟਾਂ ਤੋਂ ਪੈਸੇ ਵਾਪਸ ਕਰਵਾਉਣ ਲਈ ਮਦਦ ਮੰਗ ਰਹੇ ਹਨ। ਰਾਮੂਵਾਲੀਆ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਇਨ੍ਹਾਂ ਪੰਜ ਨੌਜਵਾਨਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਹੀ ਨੌਜਵਾਨ ਅਰਬ ਦੇਸ਼ਾਂ ਵਿਚ ਫਸੇ ਹੋਏ ਹਨ, ਜਿਨ੍ਹਾਂ ਤੋਂ ਪੈਸੇ ਠੱਗ ਕੇ ਇਹ ਏਜੰਟ ਆਪ ਆਰਾਮ ਦੀ ਜ਼ਿੰਦਗੀ ਜੀਅ ਰਹੇ ਹਨ। ਉਹ ਜਲਦੀ ਹੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਇਨ੍ਹਾਂ ਏਜੰਟਾਂ 'ਤੇ ਕਾਰਵਾਈ ਕਰਵਾ ਕੇ ਇਨ੍ਹਾਂ ਨੌਜਵਾਨਾਂ ਦੇ ਪੈਸੇ ਵਾਪਸ ਕਰਵਾਉਣਗੇ। ਇਸ ਮੌਕੇ ਅਰਵਿੰਦਰ ਸਿੰਘ ਭੁੱਲਰ ਉੱਘੇ ਸਮਾਜ ਸੇਵੀ, ਕੁਲਦੀਪ ਸਿੰਘ ਬੈਰੋਪੁਰ ਸਕੱਤਰ, ਸ਼ਿਵ ਅਗਰਵਾਲ ਤੇ ਸੁਖਦੇਵ ਸਿੰਘ ਹਾਜ਼ਰ ਸਨ।


Related News