ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਕੀਤੀ ਧੋਖਾਦੇਹੀ
Thursday, Jun 21, 2018 - 01:05 AM (IST)

ਅਬੋਹਰ(ਸੁਨੀਲ)-ਜੈਨ ਨਗਰ ਵਾਸੀ ਇਕ ਨੌਜਵਾਨ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਧੋਖਾਦੇਹੀ ਕਰਨ ਤੇ ਇਸ ਦੇ ਸਦਮੇ ਤੋਂ ਉਸ ਦੇ ਪਿਤਾ ਦੀ ਮੌਤ ਹੋ ਜਾਣ ’ਤੇ ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਦੋ ਲੋਕਾਂ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਦੀਪਕ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਜੈਨ ਨਗਰੀ ਗਲੀ ਨੰਬਰ 1 ਨੇ ਦੱਸਿਆ ਕਿ ਬੀਤੇ ਸਾਲ ਦਿੱਲੀ ਵਾਸੀ ਰਜਨੀਸ਼ ਕੁਮਾਰ ਗੁਪਤਾ ਪੁੱਤਰ ਮਹਿੰਦਰ ਕੁਮਾਰ ਨੇ ਗਊਸ਼ਾਲਾ ਰੋਡ ਵਾਸੀ ਵਿਸ਼ਨੂ ਕੁਮਾਰ ਗੁਪਤਾ ਨਾਲ ਮਿਲ ਕੇ ਉਸ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਭਰੋਸੇ ’ਚ ਲੈ ਕੇ ਉਸ ਦਾ ਦਿੱਲੀ ਦੇ ਸਦਰ ਬਾਜ਼ਾਰ ਵਿਖੇ ਪੰਜਾਬ ਨੈਸ਼ਨਲ ਬੈਂਕ ’ਚ 10 ਹਜ਼ਾਰ ਰੁਪਏ ਦਾ ਖਾਤਾ ਖੁੱਲ੍ਹਵਾ ਕੇ ਇਕ ਚੈੱਕ ਬੁੱਕ ਜਾਰੀ ਕਰਵਾਈ ਅਤੇ ਖਾਲੀ ਚੈੱਕਾਂ ’ਤੇ ਹਸਤਾਖਰ ਕਰਵਾ ਕੇ ਚੈੱਕ ਬੁੱਕ ਆਪਣੇ ਕੋਲ ਰੱਖ ਕੇ ਉਸ ਨੂੰ ਵਾਪਸ ਅਬੋਹਰ ਭੇਜ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਉਸ ਦੇ ਖਾਤੇ ’ਚੋਂ ਕਰੋਡ਼ਾਂ ਰੁਪਏ ਦਾ ਲੈਣ-ਦੇਣ ਕੀਤਾ ਤੇ ਉਸ ਦਾ ਇਨਕਮ ਟੈਕਸ ਅਦਾ ਨਹੀਂ ਕੀਤਾ। ਦੀਪਕ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਉਸ ਦੇ ਨਾਂ ’ਤੇ ਨੋਟਿਸ ਜਾਰੀ ਕੀਤਾ ਕਿ ਉਸ ਦੇ ਖਾਤੇ ’ਚੋਂ ਕਰੋਡ਼ਾਂ ਰੁਪਏ ਦਾ ਲੈਣ-ਦੇਣ ਹੋਇਆ ਹੈ, ਉਸ ਰੁਪਏ ਦਾ ਹਿਸਾਬ-ਕਿਤਾਬ ਦੇ ਕੇ ਉਸ ਦਾ ਰਿਟਰਨ ਭਰੋ, ਜਿਸ ਦਾ ਪਤਾ ਲੱਗਣ ’ਤੇ ਉਸ ਦੇ ਪਿਤਾ ਨੂੰ ਗਹਿਰਾ ਸਦਮਾ ਲੱਗਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਦੀਪਕ ਦੇ ਬਿਆਨਾਂ ਦੇ ਆਧਾਰ ’ਤੇ ਵਿਸ਼ਨੂ ਕੁਮਾਰ ਅਤੇ ਰਜਨੀਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।