ਕਿਸਾਨ ਦੀ ਜ਼ਮੀਨ ''ਤੇ ਧੋਖੇ ਨਾਲ ਕਰਵਾਇਆ ਲੋਨ, 2 ਨਾਮਜ਼ਦ
Thursday, Apr 05, 2018 - 02:58 AM (IST)

ਬਠਿੰਡਾ(ਵਰਮਾ)-ਪਿੰਡ ਕਲਿਆਣ ਸੁੱਖਾ ਵਿਚ ਇਕ ਵਿਅਕਤੀ ਨੇ ਇਕ ਪਟਵਾਰੀ ਨਾਲ ਮਿਲ ਕੇ ਕਿਸੇ ਹੋਰ ਕਿਸਾਨ ਦੀ ਜ਼ਮੀਨ ਨੂੰ ਆਪਣੇ ਨਾਂ ਦਿਖਾ ਕੇ ਬੈਂਕ ਤੋਂ ਲੱਖਾਂ ਰੁਪਏ ਕਰਜ਼ਾ ਲੈ ਲਿਆ। ਨਥਾਣਾ ਪੁਲਸ ਨੇ ਪੀੜਤ ਕਿਸਾਨ ਭਗਵੰਤ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਨਿਰੰਜਣ ਸਿੰਘ ਅਤੇ ਪਟਵਾਰੀ ਭੋਜ ਰਾਜ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਖੁਦ 'ਤੇ ਕੇਸ ਦਰਜ ਹੋਣ ਦਾ ਪਤਾ ਲੱਗਦੇ ਹੀ ਮੁਲਜ਼ਮ ਤੇ ਪਟਵਾਰੀ ਅੰਡਰਗਰਾਊਂਡ ਹੋ ਗਏ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਸਾਨ ਭਗਵੰਤ ਸਿੰਘ ਵਾਸੀ ਨਿਓਰ ਨੇ ਦੱਸਿਆ ਕਿ ਨਿਰੰਜਣ ਸਿੰਘ ਨੇ ਆਪਣੇ ਜਾਣ-ਪਛਾਣ ਵਾਲੇ ਪਟਵਾਰੀ ਭੋਜ ਰਾਜ ਨਾਲ ਮਿਲ ਕੇ ਕੁਝ ਸਮਾਂ ਪਹਿਲਾਂ ਉਸ ਦੇ ਨਾਂ ਵਾਲੀ ਜ਼ਮੀਨ ਨੂੰ ਆਪਣੇ ਨਾਂ 'ਤੇ ਗਲਤ ਤਰੀਕੇ ਨਾਲ ਦਿਖਾ ਕੇ ਬੈਂਕ ਤੋਂ 5 ਲੱਖ ਰੁਪਏ ਦਾ ਕਰਜ਼ਾ ਲੈ ਲਿਆ। ਇਸ ਸਬੰਧੀ ਉਸ ਨੂੰ ਉਦੋਂ ਪਤਾ ਲੱਗਾ ਜਦ ਉਸ ਦੀ ਜ਼ਮੀਨ 'ਤੇ ਲਿਆ ਗਿਆ ਲੋਨ ਮੁਲਜ਼ਮ ਨੇ ਨਹੀਂ ਭਰਿਆ ਤਾਂ ਬੈਂਕ ਵਾਲਿਆਂ ਨੇ ਉਸ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਮੁਲਜ਼ਮ ਨਿਰੰਜਣ ਸਿੰਘ ਅਤੇ ਉਸ ਦੇ ਸਾਥੀ ਪਟਵਾਰੀ ਭੋਜ ਰਾਜ ਖਿਲਾਫ ਸ਼ਿਕਾਇਤ ਦਿੱਤੀ। ਥਾਣਾ ਨਥਾਣਾ ਪੁਲਸ ਦੇ ਏ. ਐੱਸ. ਆਈ. ਵੀਰ ਸਿੰਘ ਨੇ ਦੱਸਿਆ ਕਿ ਪਟਵਾਰੀ ਤੇ ਨਿਰੰਜਣ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।