ਗਰੀਬ ਪਰਿਵਾਰਾਂ ਨੂੰ ਫਲੈਟ ਅਲਾਟ ਕਰਵਾਉਣ ਦਾ ਝਾਂਸਾ ਦੇ ਕੇ ਕੀਤੀ ਠੱਗੀ
Saturday, Mar 24, 2018 - 06:02 AM (IST)

ਲੁਧਿਆਣਾ(ਪੰਕਜ)-ਤਿੰਨ ਗਰੀਬ ਪਰਿਵਾਰਾਂ ਨੂੰ ਗਿਆਸਪੁਰਾ ਸਥਿਤ ਸਰਕਾਰੀ ਫਲੈਟ ਅਲਾਟ ਕਰਵਾਉਣ ਦਾ ਝਾਂਸਾ ਦੇ ਕੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਡਾਬਾ ਪੁਲਸ ਨੇ ਔਰਤ ਨੇਤਰੀ ਨੀਲਮ ਕੋਹਲੀ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਪੁਲਸ ਨੂੰ ਸ਼ਿਕਾਇਤ 'ਚ ਪੀੜਤ ਸ਼ਕੁੰਤਲਾ ਦੇਵੀ ਪਤਨੀ ਸ਼ਾਮ ਲਾਲ ਨੇ ਦੋਸ਼ ਗਾਇਆ ਕਿ ਇਲਾਕੇ ਵਿਚ ਸਿਆਸੀ ਸਰਗਰਮੀਆਂ ਕਰਨ ਵਾਲੀ ਔਰਤ ਨੇਤਰੀ ਨੀਲਮ ਕੋਹਲੀ ਨੇ ਗਰੀਬ ਪਰਿਵਾਰਾਂ ਨੂੰ ਗਿਆਸਪੁਰਾ 'ਚ ਸਰਕਾਰੀ ਫਲੈਟ ਅਲਾਟ ਕਰਵਾਉਣ ਦਾ ਝਾਂਸਾ ਦੇ ਕੇ 26-26 ਹਜ਼ਾਰ ਦੀ ਰਕਮ ਠੱਗ ਗਈ। ਸਰਕਾਰ ਵਿਚ ਆਪਣੀ ਉੱਚੀ ਪਹੁੰਚ ਹੋਣ ਦਾ ਦਾਅਵਾ ਕਰਨ ਵਾਲੀ ਨੀਲਮ ਕੋਹਲੀ ਨੂੰ ਸ਼ਕੁੰਤਲਾ ਤੋਂ ਇਲਾਵਾ ਹੁਸਨ ਤਾਰਾ ਅਤੇ ਰੇਖਾ ਨੇ ਵੀ ਖੂਨ-ਪਸੀਨੇ ਦੀ ਕਮਾਈ ਫਲੈਟ ਦੁਆਉਣ ਦੇ ਨਾਂ 'ਤੇ ਅਦਾ ਕਰ ਦਿੱਤੀ।
ਉਸ ਨੇ ਤਿੰਨਾਂ ਦੇ ਫਲੈਟ ਨੰਬਰ 712, 713 ਅਤੇ 731 ਅਲਾਟ ਕਰਵਾਉਣ ਦਾ ਝਾਂਸਾ ਦੇ ਕੇ ਰਕਮ ਠੱਗ ਲਈ ਪਰ ਬਾਅਦ ਵਿਚ ਉਨ੍ਹਾਂ ਦਾ ਫੋਨ ਚੁੱਕਣਾ ਤੱਕ ਬੰਦ ਕਰ ਦਿੱਤਾ ਅਤੇ ਉਲਟਾ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੰਬੀ ਚੱਲੀ ਜਾਂਚ ਉਪਰੰਤ ਪੁਲਸ ਨੇ ਨੀਲਮ ਕੋਹਲੀ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਅਕਾਲੀ ਦਲ ਛੱਡ ਕਾਂਗਰਸ ਕੀਤੀ ਸੀ ਜੁਆਇਨ
10 ਸਾਲ ਤਕ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੇ ਸ਼੍ਰੋਅਦ ਦੀ ਮਹਿਲਾ ਵਿੰਗ ਦੀ ਸਰਗਰਮ ਮੈਂਬਰ ਕੋਹਲੀ ਨੇ ਕੁੱਝ ਮਹੀਨੇ ਪਹਿਲਾਂ ਹੀ ਕਾਂਗਰਸ ਜੁਆਇਨ ਕੀਤੀ ਸੀ।
ਕੀ ਕਹਿੰਦੀ ਹੈ ਕੋਹਲੀ
ਉਧਰ ਨੀਲਮ ਕੋਹਲੀ ਨੇ ਕਿਹਾ ਕਿ ਜਦੋਂ ਸਰਕਾਰ ਨੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਫਲੈਟ ਖੋਹਣੇ ਚਾਹੇ, ਉਸ ਸਮੇਂ ਮੈਂ ਇਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਸੀ। ਹੁਣ ਜੋ ਇਨ੍ਹਾਂ ਪਰਿਵਾਰਾਂ ਨੇ ਮੇਰੇ 'ਤੇ ਦੋਸ਼ ਲਾ ਕੇ ਪਰਚਾ ਦਰਜ ਕਰਵਾਇਆ ਹੈ, ਉਹ ਪੂਰੀ ਤਰ੍ਹਾਂ ਸਿਆਸੀ ਰੰਜਿਸ਼ ਤਹਿਤ ਕੀਤਾ ਹੈ ਅਤੇ ਮੇਰੇ 'ਤੇ ਲੱਗੇ ਦੋਸ਼ ਬੇਬੁਨਿਆਦ ਹਨ।