ਨਾਪਤੋਲ ਵਿਭਾਗ ਦੀ ਲਾਪ੍ਰਵਾਹੀ ਲੋਕਾਂ ''ਤੇ ਭਾਰੀ!

03/11/2018 5:26:07 AM

1 ਕਿਲੋ ਦੀ ਖਰੀਦਦਾਰੀ 'ਤੇ 100 ਗ੍ਰਾਮ ਸਾਮਾਨ ਦੀ ਲੱਗ ਰਹੀ ਕੁੰਡੀ
ਲੁਧਿਆਣਾ(ਖੁਰਾਣਾ)-ਇਹ ਸੱਚਾਈ ਜਾਣ ਕੇ ਸ਼ਹਿਰਵਾਸੀਆਂ ਦੇ ਪੈਰ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿ ਸ਼ਹਿਰ 'ਚ ਜ਼ਿਆਦਾਤਰ ਦੁਕਾਨਦਾਰ ਨਾਪਤੋਲ ਮਾਮਲੇ ਵਿਚ ਧੋਖਾਦੇਹੀ ਕਰ ਕੇ ਗਾਹਕਾਂ ਦੀਆਂ ਅੱਖਾਂ 'ਚ ਮਿੱਟੀ ਪਾਉਣ ਦਾ ਗੋਰਖਧੰਦਾ ਚਲਾ ਰਹੇ ਹਨ। ਇਨ੍ਹਾਂ ਦੁਕਾਨਦਾਰਾਂ ਵੱਲੋਂ ਨਾਪਤੋਲ ਨਾਲ ਕੀਤੀ ਜਾਣ ਵਾਲੀ ਧੋਖਾਦੇਹੀ ਦਾ ਇਹ ਸਾਰਾ ਕਾਲਾ ਖੇਡ ਇਸ ਕਦਰ ਸਫਾਈ ਨਾਲ ਖੇਡਿਆ ਜਾ ਰਿਹਾ ਹੈ ਕਿ ਗਾਹਕਾਂ ਨੂੰ ਇਸਦੀ ਖਬਰ ਨਹੀਂ ਹੁੰਦੀ। ਇਸ ਤਰ੍ਹਾਂ ਕਰ ਕੇ ਕੁਝ ਦੁਕਾਨਦਾਰ ਮੋਟੀ ਕਮਾਈ ਕਰ ਰਹੇ ਹਨ, ਕਿਉਂਕਿ ਛੋਟੀ ਇਲਾਇਚੀ ਵਰਗੀਆਂ ਕੁਝ ਮਹਿੰਗੀਆਂ ਚੀਜ਼ਾਂ ਹਨ, ਜਿਨ੍ਹਾਂ 'ਚ ਥੋੜ੍ਹੀ ਜਿਹੀ ਹੇਰਾ-ਫੇਰੀ ਮੋਟਾ ਮੁਨਾਫਾ ਦਿੰਦੀ ਹੈ।
ਨਿਯਮਾਂ ਨਾਲ ਖਿਲਵਾੜ ਮਤਲਬ 2 ਤੋਂ ਲੈ ਕੇ 25 ਹਜ਼ਾਰ ਜੁਰਮਾਨਾ
ਨਾਪਤੋਲ ਵਿਭਾਗ ਦੇ ਇੰਸਪੈਕਟਰ ਕੰਵਲਜੀਤ ਸਿੰਘ ਦੀ ਮੰਨੀਏ ਤਾਂ ਨਿਯਮਾਂ ਨਾਲ ਖਿਲਵਾੜ ਕਰਨ ਵਾਲੇ ਇਸ ਤਰ੍ਹਾਂ ਦੇ ਦੁਕਾਨਾਦਾਰਾਂ ਨੂੰ ਵਿਭਾਗ ਵੱਲੋਂ 2 ਤੋਂ ਲੈ ਕੇ 25 ਹਜ਼ਾਰ ਰੁਪਏ ਤੱਕ ਦਾ ਭਾਰੀ ਭਰਕਮ ਜੁਰਮਾਨਾ ਲਾਇਆ ਜਾ ਸਕਦਾ ਹੈ ਪਰ ਇੰਸਪੈਕਟਰ ਸਾਹਿਬ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿਚ ਪਿਛਲੇ 1 ਸਾਲ ਦੌਰਾਨ ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਆਇਆ ਹੈ। ਜਿਸ ਵਿਚ ਦੁਕਾਨਦਾਰਾਂ ਵੱਲੋਂ ਨਾਨ ਸਟੈਂਡਰਡ ਵੈਟ ਐਂਡ ਮਈਅਰਮੈਂਟਸ ਦਾ ਇਸਤੇਮਾਲ ਕੀਤਾ ਹੋਵੇ। ਇਸ ਗੱਲ ਦੀ ਹੈਰਾਨੀ ਹੈ ਕਿ ਕੀ ਸੱਚ ਵਿਚ ਇਸ ਤਰ੍ਹਾਂ ਦਾ ਕੋਈ ਕੇਸ ਵਿਭਾਗ ਦੀ ਨਜ਼ਰ ਵਿਚ ਨਹੀਂ ਆਇਆ ਜਾਂ ਫਿਰ ਵਿਭਾਗੀ ਕਰਮਚਾਰੀਆਂ ਨੇ ਜਾਣਬੁੱਝ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
1 ਕਿਲੋ ਭਾਰ ਵਾਲੇ ਲੋਹੇ ਦੇ ਦੋ ਵੱਟਿਆਂ 'ਚ 100 ਗ੍ਰਾਮ ਦਾ ਅੰਤਰ
ਇਸ ਪੂਰੇ ਘਟਨਾਕ੍ਰਮ ਵਿਚ ਹੈਰਾਨੀਜਨਕ ਪਹਿਲੂ ਇਹ ਦੇਖਣ ਨੂੰ ਮਿਲਿਆ ਕਿ ਕੁਝ ਰੇਹੜੀ ਫੜ੍ਹੀ ਵਾਲੇ ਅਤੇ ਹੋਰ ਦੁਕਾਨਦਾਰਾਂ ਵੱਲੋਂ ਸਾਮਾਨ ਤੋਲਣ ਲਈ ਰੱਖੇ ਗਏ ਲੋਹੇ ਦੇ ਵੱਟਿਆਂ 'ਚ ਵੀ ਭਾਰ ਦਾ ਵੱਡਾ ਅੰਤਰ ਸੀ। ਮਤਲਬ 1-1 ਕਿਲੋ ਵਾਲੇ ਦੋ ਵੱਟਿਆਂ ਦਾ ਵਜ਼ਨ ਕਰਨ 'ਤੇ ਭਾਰ 'ਚ ਲਗਭਗ 100 ਗ੍ਰਾਮ ਘੱਟ ਦੇਖਣ ਨੂੰ ਮਿਲਿਆ, ਕਿਉਂਕਿ ਲੋਹੇ ਦਾ ਇਕ ਵੱਟਾ ਪੁਰਾਣਾ ਹੋਣ ਕਾਰਨ ਘਿਸ ਚੁੱਕਿਆ ਸੀ। ਹੁਣ ਇਸ ਦੌਰਾਨ ਉਕਤ ਦੁਕਾਨਦਾਰ ਵੱਲੋਂ ਖਰੀਦਦਾਰ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਉਨ੍ਹਾਂ ਨੂੰ 1 ਕਿਲੋ ਦੇ ਬਜਾਏ 900 ਗ੍ਰਾਮ ਦਾ ਸਾਮਾਨ ਦੇ ਕੇ ਉਨ੍ਹਾਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਹਨ। 
ਸਬਜ਼ੀ ਮੰਡੀ ਤੋਂ ਲੈ ਕੇ ਸੜਕਾਂ ਤੱਕ ਅਜਿਹੇ ਦੁਕਾਨਦਾਰਾਂ ਦੀ ਭਰਮਾਰ 
ਜਗ ਬਾਣੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਕੀਤੇ ਸਰਵੇ 'ਚ ਦੇਖਿਆ ਗਿਆ ਹੈ ਕਿ ਜਲੰਧਰ ਬਾਈਪਾਸ ਤੋਂ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਕਾਨੂੰਨ ਨੂੰ ਛਿੱਕੇ 'ਤੇ ਟੰਗਣ ਵਾਲੇ ਇਸ ਤਰ੍ਹਾਂ ਦੇ ਦੁਕਾਨਦਾਰਾਂ ਦੀ ਭਰਮਾਰ ਹੈ। ਇਹ ਦੁਕਾਨਦਾਰ ਗੈਰ ਕਾਨੂੰਨੀ ਢੰਗ ਨਾਲ ਖੁਦ ਬਣਾਏ ਵੱਟਿਆਂ ਦਾ ਇਸਤੇਮਾਲ ਕਰ ਕੇ ਖਰੀਦਦਾਰਾਂ ਦੀਆਂ ਅੱਖਾਂ 'ਚ ਮਿੱਟੀ ਪਾਉਣ ਦਾ ਕੰਮ ਕਰ ਰਹੇ ਹਨ। 
ਕੀ ਹਨ ਨਿਯਮ 
ਜੇਕਰ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਦੁਕਾਨਦਾਰ ਵੱਲੋਂ ਮਾਰਕੀਟ ਤੋਂ ਖਰੀਦੇ ਜਾਣ ਵਾਲੇ ਤੋਲ ਕੰਡੇ ਅਤੇ ਵੱਖ-ਵੱਖ ਤਰ੍ਹਾਂ ਦੇ ਭਾਰ ਵਾਲੇ ਵੱਟੇ ਦੀ ਨਾਪਤੋਲ ਵਿਭਾਗ ਤੋਂ ਪਾਸਿੰਗ ਕਰਵਾਉਣੀ ਜ਼ਰੂਰੀ ਹੁੰਦੀ ਹੈ। ਜਦਕਿ ਇਸ ਤੋਂ ਬਾਅਦ ਵੀ ਦੁਕਾਨਦਾਰ ਨੂੰ ਤੋਲ ਕੰਡੇ ਦੀ ਪਾਸਿੰਗ ਦਾ ਕੰਮ ਹਰ ਸਾਲ ਅਤੇ ਵੱਟੇ ਦੀ ਸਟੈਂਪਿੰਗ ਦਾ ਕੰਮ ਦੋ ਸਾਲਾਂ 'ਚ ਇਕ ਵਾਰ ਕਰਵਾਉਣਾ ਜ਼ਰੂਰੀ ਹੈ ਤਾਂ ਕਿ ਸਮੇਂ ਦੇ ਨਾਲ ਘਸ ਚੁੱਕੇ ਲੋਹੇ ਦੇ ਵੱਟੇ 'ਚ ਓਨਾ ਹੀ ਵਜ਼ਨ ਫਿਰ ਜੋੜ ਕੇ ਵੱਟੇ ਦਾ ਸਹੀ ਵਜ਼ਨ ਬਣਾਇਆ ਜਾਵੇ ਅਤੇ ਉਸ ਸਮੇਂ ਪਾਸ ਕੀਤੇ ਜਾਣ ਵਾਲੇ ਸਾਲ ਦੀ ਵਿਭਾਗ ਵੱਲੋਂ ਮੋਹਰ ਲਾ ਦਿੱਤੀ ਜਾਵੇ। ਹੈਰਾਨੀ ਦੀ ਗੱਲ ਹੈ ਕਿ ਵਿਭਾਗੀ ਅਧਿਕਾਰੀਆਂ ਦੀ ਕੁੰਭਕਰਨੀ ਨੀਂਦ ਕਾਰਨ ਜ਼ਿਆਦਾਤਰ ਦੁਕਾਨਦਾਰ ਕਈ ਸਾਲਾਂ ਤੱਕ ਆਪਣੇ ਤੋਲ ਕੰਡੇ ਅਤੇ ਵੱਟੇ ਨੂੰ ਪਾਸ ਹੀ ਨਹੀਂ ਕਰਵਾਉਂਦੇ ਅਤੇ ਅੰਦਰਖਾਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਠੱਗਦੇ ਜਾ ਰਹੇ ਹਨ। 


Related News