ਪੁਲਸ ''ਚ ਭਰਤੀ ਕਰਵਾਉਣ ਦੇ ਨਾਂ ''ਤੇ ਠੱਗੇ ਲੱਖਾਂ

01/12/2018 4:20:16 AM

ਮਾਨਸਾ(ਸੰਦੀਪ ਮਿੱਤਲ)-ਪੁਲਸ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਸਬੰਧੀ ਪਿੰਡ ਬੁਰਜ ਰਾਠੀ ਵਾਸੀ ਇਕ ਨੌਜਵਾਨ ਦੀ ਸ਼ਿਕਾਇਤ 'ਤੇ ਥਾਣਾ ਜੋਗਾ ਦੀ ਪੁਲਸ ਨੇ ਸਕੇ ਭੈਣ-ਭਰਾ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਆਰੰਭ ਦਿੱਤੇ ਹਨ। ਜਾਣਕਾਰੀ ਅਨੁਸਾਰ ਰਜੇਸ਼ ਬਬਲਾ ਅਤੇ ਉਸ ਦੀ ਭੈਣ ਰੰਜਨਾ ਭੰਡਾਰੀ ਵਾਸੀ ਧਾਰੀਵਾਲ, ਜ਼ਿਲਾ ਗੁਰਦਾਸਪੁਰ ਨੇ ਗੁਰਪ੍ਰੀਤ ਸਿੰਘ ਪੁੱਤਰ ਸਵ. ਭੋਲਾ ਸਿੰਘ ਵਾਸੀ ਪਿੰਡ ਬੁਰਜ ਰਾਠੀ ਨੂੰ ਪੁਲਸ 'ਚ ਭਰਤੀ ਕਰਵਾਉਣ ਲਈ 7 ਲੱਖ ਰੁਪਏ 'ਚ ਸੌਦਾ ਤੈਅ ਕੀਤਾ, ਜਿਸ ਅਨੁਸਾਰ ਪੀੜਤ ਨੌਜਵਾਨ ਗੁਰਪ੍ਰੀਤ ਨੇ 14 ਨਵੰਬਰ 2015 ਨੂੰ 3 ਲੱਖ ਰੁਪਏ ਉਕਤ ਨੂੰ ਦਿੱਤੇ ਅਤੇ ਫਿਰ 11 ਜਨਵਰੀ 2016 ਨੂੰ ਦੋ ਲੱਖ ਰੁਪਏ ਹੋਰ ਰੰਜਨਾ ਦੇ ਬੈਂਕ ਖਾਤੇ 'ਚ ਪਾਏ ਅਤੇ ਬਾਕੀ ਕੰਮ ਹੋਣ ਦੇ ਬਾਅਦ ਦੇਣੇ ਤੈਅ ਹੋਏ। ਇਸ ਉਪਰੰਤ ਉਕਤ ਦੋਵਾਂ ਭੈਣ–ਭਰਾਵਾਂ ਨੇ ਨਾ ਤਾਂ ਉਸ ਨੂੰ ਪੁਲਸ 'ਚ ਭਰਤੀ ਕਰਵਾਇਆ ਅਤੇ ਨਾ ਹੀ ਉਸ ਦੀ ਪੂਰੀ ਰਕਮ ਵਾਪਸ ਕੀਤੀ। ਇਸ ਸਬੰਧੀ ਪੀੜਤ ਗੁਰਪ੍ਰੀਤ ਨੇ ਪੁਲਸ ਕੋਲ ਸ਼ਿਕਾਇਤ ਕੀਤੀ, ਜਿਸ ਦੀ ਜਾਂਚ ਉਪਰੰਤ ਸਹਾਇਕ ਥਾਣੇਦਾਰ ਨਾਮਦੇਵ ਸਿੰਘ ਨੇ ਉਕਤ ਦੋਵਾਂ ਵਿਰੁੱਧ ਧਾਰਾ 420, 120 ਬੀ ਦੇ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਜਾਰੀ ਕਰ ਦਿੱਤੀ ਹੈ।


Related News