ਜਾਅਲੀ ਚੈੱਕ ਦੇ ਕੇ 5 ਲੱਖ ਦੀ ਠੱਗੀ, 2 ਨਾਮਜ਼ਦ
Wednesday, Sep 20, 2017 - 01:57 AM (IST)

ਬਠਿੰਡਾ(ਸੁਖਵਿੰਦਰ)-ਸਿਵਲ ਲਾਈਨ ਪੁਲਸ ਨੇ ਇਕ ਵਿਅਕਤੀ ਨੂੰ ਜਾਅਲੀ ਚੈੱਕ ਦੇ ਕੇ 5 ਲੱਖ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਤਨਾਮ ਸਿੰਘ ਅਤੇ ਗੁਰਵਿੰਦਰ ਸਿੰਘ ਵਾਸੀ ਕੋਠੇ ਭਗਤੂਆਣਾ ਨੇ ਖੇਤੀ ਲਿਮਟ ਭਰਨ ਲਈ ਉਸ ਤੋਂ 5 ਲੱਖ ਰੁਪਏ ਉਧਾਰੇ ਲਏ ਸਨ। ਇਸ ਬਦਲੇ ਉਨ੍ਹਾਂ ਵੱਲੋਂ ਉਸ ਨੂੰ 2 ਚੈੱਕ ਦਿੱਤੇ ਗਏ ਸਨ ਪਰ ਜਦੋਂ ਸਮਾਂ ਪੂਰਾ ਹੋਣ 'ਤੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਵੱਲੋਂ ਪੈਸੇ ਵਾਪਸ ਨਹੀਂ ਕੀਤੇ ਗਏ। ਇਸ ਤੋਂ ਬਾਅਦ ਉਸ ਨੂੰ ਉਕਤ ਚੈੱਕਾਂ ਦੇ ਜਾਅਲੀ ਹੋਣ ਦਾ ਪਤਾ ਲੱਗਾ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਉਸ ਨਾਲ ਜਾਣ-ਬੁੱਝ ਕੇ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।