70 ਲੋਕਾਂ ਨੂੰ ਠੱਗੀ ਦੇ ਜਾਲ ’ਚ ਫਸਾ ਚੁੱਕਿਆ ਸੀ ‘ਭਰਤੀ ਗੈਂਗ’, 3 ਦਰਜਨ ਦੇ ਕਰੀਬ ਲੋਕਾਂ ਤੋਂ ਲਿਆ ਸੀ 75 ਲੱਖ
Sunday, Jul 18, 2021 - 02:21 PM (IST)
ਅੰਮ੍ਰਿਤਸਰ (ਇੰਦਰਜੀਤ) - ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਲੋਂ ਫੜੇ ਗਏ ਭਰਤੀ ਘਪਲੇ ਗੈਂਗ ਦੇ ਮੈਂਬਰਾਂ ਤੋਂ ਕਈ ਤਰ੍ਹਾਂ ਦੇ ਰਾਜ ਉਜਾਗਰ ਹੋ ਰਹੇ ਹਨ, ਜਿਸ ’ਚ ਮੁੱਖ ਤੌਰ ’ਤੇ 70 ਤੋਂ ਜ਼ਿਆਦਾ ਲੋਕਾਂ ਨੂੰ ਉਕਤ ਗੈਂਗ ਨੇ ਆਪਣੇ ਠੱਗੀ ਦੇ ਜਾਲ ’ਚ ਫਸਾਇਆ ਸੀ। ਜੇਕਰ ਵਿਜੀਲੈਂਸ ਸਮੇਂ ’ਤੇ ਕਾਰਵਾਈ ਨਾ ਕਰਦੀ ਤਾਂ ਇਨ੍ਹਾਂ ਦੇ ਜਾਲ ’ਚ ਦਰਜਨਾਂ ਲੋਕ ਹੋਰ ਆ ਸਕਦੇ ਸਨ। ਵਿਭਾਗ ਦੀ ਜਾਣਕਾਰੀ ’ਚ ਇਨ੍ਹਾਂ ਲੋਕਾਂ ਤੋਂ ਨਕਲੀ ਫੌਜ ਅਤੇ ਮੰਤਰਾਲੇ ਦੇ ਸ਼ਨਾਖਤੀ ਕਾਰਡ ਵੀ ਬਰਾਮਦ ਹੋਏ ਹਨ।
ਪਤਾ ਲੱਗਾ ਹੈ ਕਿ ਵਿਜੀਲੈਂਸ ਵਿਭਾਗ ਤੁਰੰਤ ਕਾਰਵਾਈ ਕਾਰਨ ਜਿੱਥੇ ਵੱਡੀ ਗਿਣਤੀ ’ਚ ਪੇਸ਼ੇਵਰ ਲੋਕ ਇਸ ਦੋਸ਼ ਦੇ ਘੇਰੇ ’ਚ ਆਉਣਗੇ, ਉੱਥੇ ਸੈਂਕੜਿਆਂ ਦੀ ਗਿਣਤੀ ’ਚ ਅਜਿਹੇ ਭੋਲੇ-ਭਾਲੇ ਲੋਕ ਹਨ, ਜੋ ਇਸ ਭਰਤੀ ਗੈਂਗ ਦੇ ਪਰਦਾਫਾਸ਼ ਹੋਣ ਕਾਰਨ ਉਨ੍ਹਾਂ ਦਾ ਸ਼ਿਕਾਰ ਹੋਣ ਤੋਂ ਬਚ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਜੇਕਰ ਵਿਜੀਲੈਂਸ ਐਨ ਮੌਕੇ ’ਤੇ ਕਾਰਵਾਈ ਨਾ ਕਰਦੀ ਤਾਂ 30 ਤੋਂ 40 ਬੇਕਸੂਰ ਲੋਕ ਹੋਰ ‘ਭਰਤੀ ਗੈਂਗ’ ਦੇ ਸ਼ਿਕਾਰ ਬਣ ਸਕਦੇ ਸਨ। ਘਟਨਾਕ੍ਰਮ ’ਚ ਬਾਰਡਰ ਰੇਂਜ ਵਿਜੀਲੈਂਸ ਬਿਊਰੋ ਦੇ ਕਪਤਾਨ ਪਰਮਪਾਲ ਸਿੰਘ ਹੁਕਮਾਂ ’ਤੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਭਰਤੀ ਗੈਂਗ ਦੇ ਸਰਗਨਾ ਸੁਖਵੰਤ ਸਿੰਘ ਲੁਧਿਆਣਾ, ਹਰਪਾਲ ਸਿੰਘ ਸਰਪੰਚ, ਸਰਕਾਰੀ ਮੁਲਾਜਮ ਪ੍ਰਿਥੀਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।
ਦੂਜੇ ਪਾਸੇ ਇਸ ਮਹਾਕਾਂਡ ’ਚ ਮਾਸਟਰਮਾਈਂਡ ਬਣੇ ਡੋਮਿਨਿਕ ਸਹੋਤਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਵੀ ਪੂਰੀ ਹੋ ਚੁੱਕੀ ਹੈ, ਜੋ ਇਸ ਸਮੇਂ ਰੋਪੜ ਦੀ ਜੇਲ੍ਹ ’ਚ ਹੈ। ਜਾਂਚ ਦੌਰਾਨ ਵਿਜੀਲੈਂਸ ਵਿਭਾਗ ਨੂੰ ਇਹ ਵੀ ਸੁਰਾਗ ਮਿਲੇ ਹਨ ਕਿ ਉਕਤ ਮਾਸਟਰਮਾਈਂਡ ਸੁਖਵੰਤ ਸਿੰਘ ਨੇ 75 ਲੱਖ ਰੁਪਏ ਤੋਂ ਵਧੇਰੇ ਰਕਮ 3 ਦਰਜਨ ਦੇ ਕਰੀਬ ਲੋਕਾਂ ਤੋਂ ਲਈ ਸੀ, ਜਿਨ੍ਹਾਂ ਨੂੰ ਨੌਕਰੀਆਂ ਦਿਲਵਾਈਆਂ ਜਾ ਰਹੀਆਂ ਸੀ। ਭਰਤੀ ਗੈਂਗ ਵਲੋਂ ਇਸ ਠੱਗੀ ਦੇ ਕਾਰੋਬਾਰ ਨੂੰ ਹੋਰ ਜ਼ਿਆਦਾ ਪੁਖਤਾ ਅਤੇ ਲੋਕਾਂ ਲਈ ਅਸਰਦਾਰ ਬਣਾਉਣ ਲਈ ਇਨ੍ਹਾਂ ਦੇ ਨਕਲੀ ਸ਼ਨਾਖਤੀ ਕਾਰਡ ਤਿਆਰ ਕੀਤੇ ਜਾ ਰਹੇ ਸਨ। ਕੁਝ ਨਕਲੀ ਸ਼ਨਾਖਤੀ ਕਾਰਡ ਵਿਜੀਲੈਂਸ ਬਿਊਰੋ ਬਰਾਮਦ ਕਰ ਵੀ ਚੁੱਕੀ ਹੈ। ਵਿਭਾਗ ਇਸ ਗੱਲ ’ਤੇ ਫੋਕਸ ਕਰ ਰਿਹਾ ਹੈ ਕਿ ਨਕਲੀ ਕਾਰਡ ਬਣਾਉਣ ਲਈ ਪ੍ਰਯੋਗ ਕੀਤੀਆਂ ਮੋਹਰਾਂ ਕੌਣ ਬਣਾਉਂਦਾ ਹੈ?
ਕੌਣ ਮੁਹੱਈਆ ਕਰਾਉਂਦਾ ਹੈ ਸਰਕਾਰੀ ਰਿਕਾਰਡ?
ਵਿਜੀਲੈਂਸ ਕੋਲ ਜਾਂਚ ਦਾ ਵਿਸ਼ਾ ਇਹ ਵੀ ਹੈ ਕਿ ਜਦੋਂ ਨੌਕਰੀਆਂ ਨਿਕਲਦੀਆਂ ਹਨ ਤਾਂ ‘ਠਗਰਾਜ ਭਰਤੀ ਗੈਂਗ’ ਨੂੰ ਵਿਭਾਗੀ ਰਿਕਾਰਡ ਦੇਣ ਲਈ ਕਿਹੜੇ ਹੋਰ ਲੋਕ ਸ਼ਾਮਲ ਹਨ, ਜਿਨ੍ਹਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਕਿੰਨੇ ਉਮੀਦਵਾਰ ਲਏ ਜਾ ਰਹੇ ਹਨ ਅਤੇ ਕਿੰਨੇ ਲੈ ਚੁੱਕੇ ਹਨ? ਇਸ ਦਾ ਟੀਕਾ ਦੇਣ ਲਈ ਸਬੰਧਤ ਵਿਭਾਗ ’ਚ ਕੋਈ ਉੱਚ ਅਧਿਕਾਰੀ ਅਤੇ ਕਰਮਚਾਰੀ ਕਿਧਰੇ ਇਨ੍ਹਾਂ ਨਾਲ ਤਾਂ ਨਹੀਂ ਮਿਲਿਆ ਹੋਇਆ ਹੈ? ਜੇਕਰ ਵਿਭਾਗ ਤੋਂ ਪਹਿਲੇਂ ਹੀ ਦਿਨ ਪੋਲ ਖੁੱਲ ਜਾਂਦੀ ਤਾਂ ਭਰਤੀ ਗੈਂਗ ਦੇ ਇਹ ਲੋਕ ਅੱਗੇ ਨਹੀਂ ਵੱਧ ਸਕਦੇ ਸਨ ।
ਕਈ ਹੋਰ ਮਾਮਲੇ ਆ ਸਕਦੇ ਹਨ ਸਾਹਮਣੇ
ਫਿਲਹਾਲ ਮੁਲਜ਼ਮ ਵਿਜੀਲੈਂਸ ਰਿਮਾਂਡ ’ਤੇ ਹਨ, ਜਦੋਂਕਿ ਵਿਭਾਗ ਪਹਿਲਾਂ ਹੀ ਇਸ ਦੀ ਜਾਂਚ ਕਾਫ਼ੀ ਗਹਿਰਾਈ ਤੱਕ ਪਹੁੰਚ ਚੁੱਕੀ ਹੈ। ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਦੌਰਾਨ ਸਹਿਯੋਗ ਜੇਕਰ ਵਿਜੀਲੈਂਸ ਵਿਭਾਗ ਨੂੰ ਮਿਲ ਜਾਂਦਾ ਹੈ ਤਾਂ ਕਈ ਹੋਰ ਲੋਕ ਵੀ ਇਸ ’ਚ ਟਰੇਸ ਹੋ ਸਕਦੇ ਹਨ। ਹਾਲਾਂਕਿ ਇਸ ਮਾਮਲੇ ’ਚ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਬਾਰਡਰ ਰੇਂਜ ਦੇ ਕਪਤਾਨ ਐੱਸ. ਐੱਸ. ਪੀ. ਪਰਮਪਾਲ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਇਸ ਤੋਂ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਪਰ ਸੂਤਰ ਦੱਸਦੇ ਹਨ ਕਿ ਵਿਭਾਗ ਨੂੰ ਕਈ ਅਜਿਹੀ ਪੁਖਤਾ ਜਾਣਕਾਰੀਆਂ ਵੀ ਮਿਲੀਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਸਕਦੇ ਹਨ।