ਨੰਨ ਰੇਪ ਮਾਮਲਾ: ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਵੇ : ਆਰਕ ਬਿਸ਼ਪ

09/15/2018 12:50:02 PM

ਜਲੰਧਰ (ਕਮਲੇਸ਼)— ਨੰਨ ਨਾਲ ਜ਼ਬਰਦਸਤੀ ਦੇ ਮਾਮਲੇ 'ਚ ਮੁਲਜ਼ਮ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਮੁੰਬਈ ਦੇ ਆਰਕ ਬਿਸ਼ਪ ਨੇ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਕ ਟੀ. ਵੀ. ਚੈਨਲ ਨੂੰ ਆਰਕ ਬਿਸ਼ਪ ਓਸਵਾਲਡ ਗ੍ਰੇਸੀਅਸ ਵਲੋਂ ਦਿੱਤੀ ਗਈ ਇੰਟਰਵਿਊ ਦੇ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਬਿਸ਼ਪ ਫ੍ਰੈਂਕੋ ਮੁਲੱਕਲ 'ਤੇ ਨੰਨ ਨਾਲ ਲੱਗੇ ਜ਼ਬਰਦਸਤੀ ਦੇ ਦੋਸ਼ਾਂ ਤੋਂ ਬਾਅਦ ਚਰਚ ਦਾ ਨਾਂ ਸਿਰਫ ਕੇਰਲ 'ਚ ਹੀ ਨਹੀਂ ਪੂਰੇ ਦੇਸ਼ 'ਚ ਬਦਨਾਮ ਹੋਇਆ ਹੈ। ਉਨ੍ਹਾਂ ਕਿਹਾ ਕਿ ਵੈਟੀਕਨ ਨੂੰ ਇਸ ਮਾਮਲੇ 'ਚ ਦਖਲ ਦੇ ਕੇ ਚਰਚ ਨੂੰ ਵੀ ਬਿਸ਼ਪ ਦੇ ਮਾਮਲੇ 'ਚ ਜਾਂਚ ਲਈ ਤੇਜ਼ੀ ਵਰਤਣ ਦੇ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਜਾਂਚ ਪੂਰੀ ਹੋਣ ਤੱਕ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟ ਜਾਣਾ ਚਾਹੀਦਾ ਹੈ।

ਕੇਰਲ 'ਚ ਨੰਨ ਦੇ ਹੱਕ 'ਚ ਉਤਰੀਆਂ ਹੋਰ ਨੰਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਬਿਸ਼ਪ ਦੇ ਖਿਲਾਫ ਹੋਰ ਨੰਨਾਂ ਨੇ ਗਲਤ ਵਰਤਾਓ ਦੀਆਂ ਸ਼ਿਕਾਇਤਾਂ ਦਿੱਤੀਆਂ ਸਨ ਪਰ ਅਜਿਹੇ ਮਾਮਲੇ ਦੱਬੇ ਦੇ ਦੱਬੇ ਰਹਿ ਗਏ। ਨੰਨਾਂ ਨੇ ਕਿਹਾ ਕਿ ਪੀੜਤ ਨੰਨ ਨੇ ਬਿਸ਼ਪ ਦੇ ਬਾਰੇ ਸ਼ਿਕਾਇਤ ਕਰਨ ਤੋਂ ਪਹਿਲਾਂ ਚਰਚ 'ਚ ਬਿਸ਼ਪ ਦੇ ਬਾਰੇ ਸ਼ਿਕਾਇਤ ਕੀਤੀ ਸੀ ਪਰ ਚਰਚ ਵੱਲੋਂ ਬਿਸ਼ਪ 'ਤੇ ਕਾਰਵਾਈ ਨਾ ਹੋਣ ਕਾਰਨ ਪੀੜਤ ਨੰਨ ਨੇ ਪੁਲਸ 'ਚ ਬਿਸ਼ਪ ਖਿਲਾਫ 13 ਵਾਰ ਜ਼ਬਰਦਸਤੀ ਕਰਨ ਦੀ ਕੰਪਲੇਂਟ ਦਰਜ ਕਰਵਾਈ ਸੀ। ਹਾਈਕੋਰਟ ਦੇ ਦਖਲ ਤੋਂ ਬਾਅਦ ਕੇਰਲ ਪੁਲਸ ਨੇ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ 19 ਸਤੰਬਰ ਨੂੰ ਕੇਰਲ ਵਿਚ ਤਲਬ ਕੀਤਾ ਹੈ ਜਿਥੇ ਉਨ੍ਹਾਂ ਕੋਲੋਂ ਦੂਜੀ ਵਾਰ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੇਰਲ ਦੀ ਰਹਿਣ ਵਾਲੀ ਨੰਨ ਜਲੰਧਰ ਡਾਇਓਸਿਸ ਦਾ ਵੀ ਹਿੱਸਾ ਰਹੀ ਹੈ ਅਤੇ ਨੰਨ ਨੇ ਬਿਸ਼ਪ ਫ੍ਰੈਂਕੋ ਮੁਲੱਕਲ 'ਤੇ ਦੋਸ਼ ਲਾਏ ਸਨ ਕਿ ਆਪਣੇ ਅਹੁਦੇ ਦਾ ਗਲਤ ਲਾਭ ਲੈਂਦਿਆਂ ਉਸ ਦੇ ਨਾਲ ਬਿਸ਼ਪ ਨੇ 13 ਵਾਰ ਜ਼ਬਰਦਸਤੀ ਕੀਤੀ ਸੀ।

ਪੀੜਤਾ ਨੰਨ ਨੇ ਐਪੋਸਟੋਲਿਕ ਨੰਨਕਿਏਚਰ ਨੂੰ ਲਿਖੀ 7 ਪੇਜਾਂ ਦੀ ਚਿੱਠੀ, ਰੋਮਨ ਕੈਥੋਲਿਕ ਚਰਚ ਵੱਲੋਂ ਵੱਟੀ ਚੁੱਪ 'ਤੇ ਵੀ ਨਿਸ਼ਾਨਾ ਵਿੰਨ੍ਹਿਆ
ਪੀੜਤਾ ਨੰਨ ਨੇ ਆਪਣੇ ਦਰਦ ਦਾ ਬਿਆਨ ਕਰਦੇ ਹੋਏ ਐਪੋਸਟੋਲਿਕ ਨਨਕਿਏਚਰ ਨੂੰ 7 ਪੇਜਾਂ ਦੀ ਇਕ ਚਿੱਠੀ ਲਿਖੀ ਹੈ, ਜਿਸ 'ਚ ਨੰਨ ਨੇ ਬਿਸ਼ਪ ਫ੍ਰੈਂਕੋ ਮੁਲੱਕਲ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਵੀ ਰੋਮਨ ਕੈਥੋਲਿਕ ਚਰਚ ਵੱਲੋਂ ਵੱਟੀ ਚੁੱਪ 'ਤੇ ਨਿਸ਼ਾਨਾ ਸਾਧਿਆ ਹੈ। ਨੰਨ ਨੇ ਚਿੱਠੀ ਵਿਚ ਲਿਖਿਆ ਹੈ ਕਿ ਬਿਸ਼ਪ ਫ੍ਰੈਂਕੋ ਮੁਲੱਕਲ 'ਤੇ ਕੋਈ ਕਾਰਵਾਈ ਨਾ ਕਰਕੇ ਚਰਚ ਆਪਣੀ ਭਰੋਸੇਯੋਗਤਾ ਨੂੰ ਖਤਮ ਕਰ ਰਿਹਾ ਹੈ। ਨੰਨ ਨੇ ਲਿਖਿਆ ਹੈ ਕਿ ਚਰਚ ਦੇ ਅਜਿਹੇ ਰਵੱਈਏ ਨਾਲ ਕੈਥੋਲਿਕ ਚਰਚ ਨਾਲ ਜੁੜੀਆਂ ਨੰਨਾਂ 'ਚ ਗਲਤ ਸੰਦੇਸ਼ ਜਾਵੇਗਾ। ਇਸ ਚਿੱਠੀ ਦੀਆਂ 21 ਹੋਰ ਕਾਪੀਆਂ ਕੈਥੋਲਿਕ ਚਰਚ ਨਾਲ ਜੁੜੇ ਅਧਿਕਾਰੀਆਂ ਕੋਲ ਭੇਜੀਆਂ ਗਈਆਂ ਹਨ।

ਨੰਨ ਨੇ ਵਿਆਹ ਦਾ ਕਹਿ ਕੇ ਚਰਚ ਛੱਡਣ ਦੀ ਕੀਤੀ ਸੀ ਪੇਸ਼ਕਸ਼, ਬਾਅਦ 'ਚ ਲੈ ਲਈ ਸੀ ਐਪਲੀਕੇਸ਼ਨ ਵਾਪਸ: ਮੁਲੱਕਲ
ਬਿਸ਼ਪ ਫ੍ਰੈਂਕੋ ਮੁਲੱਕਲ ਦਾ ਕਹਿਣਾ ਹੈ ਕਿ ਨੰਨ ਨੇ ਉਨ੍ਹਾਂ 'ਤੇ ਜ਼ਬਰਦਸਤੀ ਦੇ ਦੋਸ਼ ਸਿਰਫ ਇਸ ਲਈ ਲਾਏ ਹਨ ਕਿ ਉਨ੍ਹਾਂ ਨੇ ਨੰਨ ਖਿਲਾਫ ਇਕ ਸ਼ਿਕਾਇਤ ਵਿਚ ਨੰਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਨੰਨ ਦੇ ਖਿਲਾਫ ਉਸ ਦੀ ਇਕ ਮਹਿਲਾ ਕਜ਼ਨ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਨੰਨ ਦੇ ਉਸ ਦੇ ਪਤੀ ਨਾਲ ਨਾਜਾਇਜ਼ ਸਬੰਧ ਹਨ ਅਤੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੇ ਚਰਚ ਕੋਲ ਨੰਨ 'ਤੇ ਕਾਰਵਾਈ ਦੀ ਮੰਗ ਕੀਤੀ ਸੀ। ਬਿਸ਼ਪ ਫ੍ਰੈਂਕੋ ਮੁਲੱਕਲ ਨੇ ਇਹ ਵੀ ਕਿਹਾ ਕਿ ਨੰਨ ਨੇ ਵਿਆਹ ਕਰਵਾਉਣ ਦਾ ਕਹਿ ਕੇ ਚਰਚ ਛੱਡਣ ਦੀ ਪੇਸ਼ਕਸ਼ ਵੀ ਕੀਤੀ ਸੀ ਅਤੇ ਇਸ ਲਈ ਇਕ ਐਪਲੀਕੇਸ਼ਨ ਵੀ ਦਿੱਤੀ ਸੀ ਜੋ ਕਿ ਬਾਅਦ 'ਚ ਨੰਨ ਨੇ ਵਾਪਸ ਲੈ ਲਈ ਸੀ, ਜਿਸ ਤੋਂ ਬਾਅਦ ਨੰਨ ਨੇ 26 ਮਈ 2017 ਨੂੰ ਚਰਚ ਛੱਡ ਦਿੱਤਾ ਸੀ ਅਤੇ ਇਸ ਤੋਂ ਬਾਅਦ ਸਾਜ਼ਿਸ਼ ਦੇ ਤਹਿਤ ਨੰਨ ਨੇ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ।


Related News