ਖ਼ਾਕੀ ਮੁੜ ਹੋਈ ਦਾਗ਼ਦਾਰ, ਅਫੀਮ ਸਣੇ ਕਾਬੂ ਸਮੱਗਲਰਾਂ ਨੂੰ ਚਾਰ ਪੁਲਸ ਮੁਲਾਜ਼ਮਾਂ ਨੇ ਲੱਖਾਂ ਦੀ ਰਿਸ਼ਵਤ ਲੈ ਛੱਡਿਆ

Sunday, Nov 07, 2021 - 08:31 PM (IST)

ਖ਼ਾਕੀ ਮੁੜ ਹੋਈ ਦਾਗ਼ਦਾਰ, ਅਫੀਮ ਸਣੇ ਕਾਬੂ ਸਮੱਗਲਰਾਂ ਨੂੰ ਚਾਰ ਪੁਲਸ ਮੁਲਾਜ਼ਮਾਂ ਨੇ ਲੱਖਾਂ ਦੀ ਰਿਸ਼ਵਤ ਲੈ ਛੱਡਿਆ

ਤਰਨਤਾਰਨ (ਰਮਨ)-ਜ਼ਿਲ੍ਹਾ ਪੁਲਸ ’ਚ ਤਾਇਨਾਤ ਚਾਰ ਪੁਲਸ ਮੁਲਾਜ਼ਮਾਂ ਵੱਲੋਂ ਬੀਤੇ ਸਮੇਂ ਦੌਰਾਨ ਫੜੀ ਗਈ ਅਫੀਮ ਦੀ ਖੇਪ ਬਦਲੇ 40 ਲੱਖ ਰੁਪਏ ਰਿਸ਼ਵਤ ਲੈਣ ਤੇ ਅਫੀਮ ਨੂੰ ਆਪਣੇ ਕੋਲ ਰੱਖਦਿਆਂ ਮੁਲਜ਼ਮਾਂ ਨੂੰ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਥਾਣਾ ਸਿਟੀ ਦੀ ਪੁਲਸ ਨੇ ਡੀ. ਐੱਸ. ਪੀ. ਦੇ ਬਿਆਨਾਂ ਹੇਠ ਚਾਰ ਪੁਲਸ ਕਰਮਚਾਰੀਆਂ ਸਮੇਤ ਕੁਲ 6 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਦਿਆਂ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਐੱਸ. ਐੱਸ. ਪੀ. ਵੱਲੋਂ ਸਖਤ ਐਕਸ਼ਨ ਲੈਂਦਿਆਂ ਚਾਰਾਂ ਪੁਲਸ ਮੁਲਾਜ਼ਮਾਂ ਖ਼ਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰਦਿਆਂ ਡਿਸਮਿਸ ਕਰਨ ਲਈ ਡੀ. ਜੀ. ਪੀ. ਪੰਜਾਬ ਨੂੰ ਲਿਖਤੀ ਰੂਪ ’ਚ ਸਿਫਾਰਿਸ਼ ਭੇਜ ਦਿੱਤੀ ਗਈ ਹੈ। ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ, ਹੈੱਡ ਕਾਂਸਟੇਬਲ ਮਲਕੀਤ ਸਿੰਘ, ਕਾਂਸਟੇਬਲ ਅਰਪਿੰਦਰਜੀਤ ਸਿੰਘ ਅਤੇ ਕਾਂਸਟੇਬਲ ਅਰਸ਼ਦੀਪ ਸਿੰਘ ਨੇ ਬੀਤੇ ਅਗਸਤ ਮਹੀਨੇ ਦੀ 20 ਤਰੀਕ ਨੂੰ ਸਵਿਫਟ ਅਤੇ ਟੈਰੇਨੋ ਗੱਡੀਆਂ ’ਚ ਸਵਾਰ ਹੋ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਤੋਂ ਜਸਪਾਲ ਸਿੰਘ ਤੇ ਰਣਜੀਤ ਸਿੰਘ ਰਾਣਾ ਪੁਤਰਾਨ ਵਿਰਸਾ ਸਿੰਘ ਵਾਸੀ ਭਿੱਟੇਵਿੱਡ ਜ਼ਿਲ੍ਹਾ ਅੰਮ੍ਰਿਤਸਰ ਨੂੰ ਤਕਰੀਬਨ 21 ਕਿਲੋ ਅਫੀਮ ਸਮੇਤ ਕਾਬੂ ਕੀਤਾ ਸੀ, ਜਿਸ ਦੇ ਬਦਲੇ ਇਨ੍ਹਾਂ ਚਾਰਾਂ ਪੁਲਸ ਮੁਲਾਜ਼ਮਾਂ, ਜੋ ਜ਼ਿਲ੍ਹੇ ਦੇ ਸਪੈਸ਼ਲ ਸੈੱਲ ’ਚ ਤਾਇਨਾਤ ਹਨ, ਵੱਲੋਂ ਬਰਾਮਦ ਕੀਤੀ ਅਫੀਮ ਦੀ ਖੇਪ ਨੂੰ ਆਪਣੇ ਕੋਲ ਰੱਖਦਿਆਂ 40 ਲੱਖ ਰੁਪਏ ਰਿਸ਼ਵਤ ਲੈ ਕੇ ਦੋਵਾਂ ਮੁਲਜ਼ਮਾਂ ਨੂੰ ਛੱਡ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : CM ਚੰਨੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ’ਤੇ ਪੁਲਸ ਵੱਲੋਂ ਲਾਠੀਚਾਰਜ (ਤਸਵੀਰਾਂ)

PunjabKesari

ਇਸ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਆਪਣੀ ਜਾਂਚ ਸ਼ੁਰੂ ਕੀਤੀ। ਇਸ ਜਾਂਚ ’ਚ ਇਹ ਸਾਹਮਣੇ ਆਇਆ ਕਿ ਅੰਮ੍ਰਿਤਸਰ ਸਪੈਸ਼ਲ ਸੈੱਲ ਦੀ ਪੁਲਸ ਵੱਲੋਂ ਅਕਤੂਬਰ ਮਹੀਨੇ ਦੀ 28 ਤਰੀਕ ਨੂੰ ਅਫੀਮ ਸਮੇਤ ਰਣਜੀਤ ਸਿੰਘ ਰਾਣਾ ਤੇ ਜਸਪਾਲ ਸਿੰਘ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਪੁੱਛਗਿੱਛ ਦੌਰਾਨ ਇਸ ਗੱਲ ਨੂੰ ਮੰਨਿਆ ਹੈ ਕਿ ਪਿਛਲੇ ਅਗਸਤ ਮਹੀਨੇ ਦੌਰਾਨ ਉਨ੍ਹਾਂ ਪਾਸੋਂ ਬਰਾਮਦ ਕੀਤੀ ਗਈ 21 ਕਿੱਲੋ ਅਫ਼ੀਮ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਚਾਰ ਉਕਤ ਪੁਲਸ ਕਰਮਚਾਰੀਆਂ ਵੱਲੋਂ 40 ਲੱਖ ਰੁਪਏ ਰਿਸ਼ਵਤ ਵਜੋਂ ਲੈਣ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਸਾਬਕਾ ਐੱਸ. ਐੱਸ. ਪੀ. ਦੇ ਕਾਫਿਲੇ ’ਚ ਤਾਇਨਾਤ ਰੀਡਰ, ਥਾਣਾ ਸਿਟੀ ਪੁਲਸ ਅਧੀਨ ਆਉਂਦੀ ਇਕ ਚੌਕੀ ’ਚ ਤਾਇਨਾਤ ਮੌਜੂਦਾ ਥਾਣੇਦਾਰ ਸਮੇਤ ਕੁਝ ਹੋਰ ਮੁਲਾਜ਼ਮ ਵੀ ਇਸ ਮਿਲੀਭੁਗਤ ’ਚ ਸ਼ਾਮਲ ਸਨ, ਜਿਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ।

ਇਹ ਵੀ ਪਤਾ ਲੱਗਾ ਹੈ ਕਿ ਸਪੈਸ਼ਲ ਸੈੱਲ ਅੰਮ੍ਰਿਤਸਰ ਦੀ ਪੁਲਸ ਵੱਲੋਂ ਉਕਤ ਪੁਲਸ ਮੁਲਾਜ਼ਮਾਂ ’ਚੋਂ ਦੋ ਨੂੰ ਹਿਰਾਸਤ ’ਚ ਲਿਆ ਗਿਆ ਹੈ, ਜਿਨ੍ਹਾਂ ’ਚੋਂ ਇਕ ਦੀ ਪਤਨੀ ਜ਼ਿਲ੍ਹੇ ’ਚ ਬਤੌਰ ਸਬ-ਇੰਸਪੈਕਟਰ ਵਜੋਂ ਤਾਇਨਾਤ ਹੈ। ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਦੇ ਬਿਆਨਾਂ ’ਤੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਵਾਸੀ ਪਿੰਡ ਬੂਹ, ਹੈੱਡ ਕਾਂਸਟੇਬਲ ਮਲਕੀਤ ਸਿੰਘ, ਕਾਂਸਟੇਬਲ ਅਰਪਿੰਦਰਜੀਤ ਸਿੰਘ ਅਤੇ ਕਾਂਸਟੇਬਲ ਅਰਸ਼ਦੀਪ ਸਿੰਘ ਤੋਂ ਇਲਾਵਾ ਰਣਜੀਤ ਸਿੰਘ ਰਾਣਾ ਤੇ ਜਸਪਾਲ ਸਿੰਘ ਪੁੱਤਰਾਨ ਵਿਰਸਾ ਸਿੰਘ ਵਾਸੀ ਪਿੰਡ ਭਿੱਟੇਵਿੱਢ ਜ਼ਿਲ੍ਹਾ ਅੰਮ੍ਰਿਤਸਰ ਖ਼ਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਚਾਰਾਂ ਪੁਲਸ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਵਿਭਾਗੀ ਕਾਰਵਾਈ ਸ਼ੁਰੂ ਕਰਦਿਆਂ ਡਿਸਮਿਸ ਕਰਨ ਸਬੰਧੀ ਸਿਫਾਰਿਸ਼ ਡੀ. ਜੀ. ਪੀ. ਪੰਜਾਬ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੇ ਕੋਈ ਹੋਰ ਮੁਲਾਜ਼ਮ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿੰਨੀ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ।
 


author

Manoj

Content Editor

Related News