ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦਾ ਮੰਜ਼ਰ ਦੇਖ ਲੋਕਾਂ ਦੇ ਕੰਬੇ ਦਿਲ

05/08/2021 7:31:16 PM

ਲੌਂਗੋਵਾਲ (ਵਸ਼ਿਸ਼ਟ) : ਇਕਦਮ ਪਿੰਡ ਤਕੀਪੁਰ ਸਮੇਤ ਨੇੜਲੇ ਪਿੰਡਾਂ ਦਾ ਮਾਹੌਲ  ਸਹਿਮ ਅਤੇ ਸੰਨਾਟੇ ਵਿਚ ਤਬਦੀਲ ਹੋ ਗਿਆ ਹੈ। ਕਾਰਨ ਇਹ ਹੈ ਕਿ ਕੋਰੋਨਾ ਦੀ ਮਾਰ ਕਾਰਨ ਇੱਕੋ ਪਰਿਵਾਰ ਦੀਆਂ ਇਕ ਹਫ਼ਤੇ ’ਚ  ਚਾਰ ਮੌਤਾਂ ਹੋਈਆਂ। ਮੌਤਾਂ ਦਾ ਮੰਜ਼ਰ ਦੇਖ ਕੇ ਲੋਕ ਇਸ ਕਦਰ ਸਹਿਮ ਗਏ ਹਨ ਕਿ ਪਿੰਡ ਦੇ ਲੋਕ ਘਰੋਂ ਬਾਹਰ ਨਿਕਲਣ ਲੱਗੇ ਵੀ ਡਰਨ ਲੱਗੇ ਪਏ ਹਨ। ਉਕਤ ਹਾਲਾਤ ਲੌਂਗੋਵਾਲ ਦੇ ਨੇੜਲੇ ਪਿੰਡ ਤਕੀਪੁਰ ਦੇ ਹਨ, ਜਿੱਥੋਂ ਦੇ ਸਾਬਕਾ ਸਰਪੰਚ ਤਰਲੋਕ ਸਿੰਘ ਦੇ ਦੋ ਬੇਟੇ, ਇੱਕ ਬੇਟੀ ਅਤੇ ਉਹ ਖ਼ੁਦ ਇਸ ਬੀਮਾਰੀ ਦੀ ਭੇਂਟ ਚੜ ਗਏ ਅਤੇ ਹਸਦਾ ਵਸਦਾ ਪਰਿਵਾਰ ਦਿਨਾਂ ’ਚ ਹੀ ਬਰਬਾਦ ਹੋ ਗਿਆ। ਲੱਗਭਗ 80 ਕਿੱਲੇ ਜ਼ਮੀਨ ਦੇ ਮਾਲਕ ਤਰਲੋਕ ਸਿੰਘ ਆਪਣੇ ਪਰਿਵਾਰ ਨਾਲ ਖੁਸ਼ੀ-ਖ਼ੁਸ਼ੀ ਜੀਵਨ ਬਤੀਤ ਕਰ ਰਹੇ ਸਨ। ਸਭ ਤੋਂ ਪਹਿਲਾ ਇਸ ਬੀਮਾਰੀ ਦੀ ਮਾਰ ਉਨ੍ਹਾਂ ਦੀ 55 ਸਾਲਾ ਧੀ ਸੁਖੀ (ਪਿੰਡ ਸੈਦੋਵਾਲ) ’ਤੇ ਪਈ ਅਤੇ 1 ਮਈ ਨੂੰ ਉਹ ਦਮ ਤੋੜ ਗਈ। ਉਸ ਤੋਂ ਬਾਅਦ 4 ਮਈ ਨੂੰ ਸਰਪੰਚ ਤਰਲੋਕ ਸਿੰਘ ਬੀਮਾਰੀ ਦੀ ਤਾਬ ਨਾ ਝਲਦਿਆਂ ਸੰਸਾਰ ਨੂੰ  ਛੱਡ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਹੋਣਹਾਰ ਸਪੁੱਤਰ ਹਰਪਾਲ ਸਿੰਘ ਲਾਡੀ (47) ਅਤੇ ਜਸਪਾਲ ਸਿੰਘ ਜੱਸਾ (52) ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਲਪੇਟ ’ਚ ਲੈ ਲਿਆ ਅਤੇ ਦੋਵੇਂ ਹੀ ਭਰਾਵਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ, ਜਿਥੇ 7  ਮਈ ਨੂੰ ਹਰਪਾਲ ਸਿੰਘ ਲਾਡੀ ਅਤੇ ਅੱਜ 8 ਮਈ ਨੂੰ ਜਸਪਾਲ ਸਿੰਘ ਜੱਸਾ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਕੋਰੋਨਾ ਦਰਮਿਆਨ ਲੁਧਿਆਣਾ ਦੇ ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ 

PunjabKesari

ਹਾਲਾਤ ਅਜਿਹੇ ਬਣ ਗਏ ਕਿ ਇਸ ਪਰਿਵਾਰ ਦੇ ਇੱਕ ਜੀਅ ਦਾ ਅੰਗੀਠਾ ਸੰਭਾਲਿਆ ਜਾਂਦਾ ਤਾਂ ਦੂਜੇ ਦੀ ਮੌਤ ਹੋ ਜਾਂਦੀ । ਅਫ਼ਸੋਸ ਦੀ ਗੱਲ ਇਹ ਹੈ ਕਿ ਅਜਿਹਾ ਦਿਲ ਕੰਬਾਊ ਮੰਜ਼ਰ ਦੇਖ ਕੇ ਵੀ ਕੁਝ ਜਿੱਦੀ ਕਿਸਮ ਦੇ ਲੋਕ ਅਜੇ ਵੀ ਕਹਿ ਰਹੇ ਹਨ ਕਿ ਕੋਰੋਨਾ ਕੋਈ ਬੀਮਾਰੀ ਨਹੀਂ ਸਰਕਾਰੀ ਖੇਡ ਹੈ। ਅਜਿਹੇ ਪ੍ਰਚਾਰ ਨਾਲ ਲੋਕ ਅਕਸਰ ਅਵੇਸਲੇ ਹੋ ਜਾਂਦੇ ਹਨ। ਹਦਾਇਤਾਂ ਨੂੰ ਟਿੱਚ ਸਮਝਦੇ ਹਨ। ਜਿਸ ਦੀ ਬਦੌਲਤ ਹੀ ਕੋਰੋਨਾ ਕੇਸਾਂ ਵਿਚ ਇਸ ਕਦਰ ਵਾਧਾ ਹੋ ਰਿਹਾ ਹੈ। ਤਾਜ਼ਾ ਅੰਕੜਿਆਂ ਦੀ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਹੋਰ ਦੋ ਮਰੀਜ਼ ਇਲਾਜ਼ ਅਧੀਨ ਹਨ। ਇਹ ਵੀ ਚਰਚਾ ਹੈ ਕਿ ਪਿੰਡ ਵਿਚ ਪਿਛਲੇ ਇਕ ਹਫ਼ਤੇ ਦੌਰਾਨ ਅੱਧੀ ਦਰਜ਼ਨ ਦੇ ਕਰੀਬ ਹੋਰ ਵੀ ਮੌਤਾਂ ਹੋਈਆਂ ਹਨ। ਭਾਵੇਂ ਪਿੰਡ ਵਾਸੀ ਇੰਨਾਂ ਮੌਤਾਂ ਦੇ ਕਾਰਨ ਕੁਦਰਤੀ ਜਾਂ ਹੋਰ  ਦੱਸਦੇ ਹਨ ।

PunjabKesari

ਸ਼ੱਕ ਜ਼ਾਹਿਰ ਕੀਤਾ ਜਾਂਦਾ ਹੈ ਕਿ ਇਨ੍ਹਾਂ  ਮਰਨ ਵਾਲਿਆਂ ’ਚੋਂ ਵੀ ਕੋਰੋਨਾ ਪਾਜ਼ੇਟਿਵ ਹੋ ਸਕਦੇ ਹਨ।ਖਬਰ ਹੈ ਕਿ ਸਿਹਤ ਬਲਾਕ ਲੌਂਗੋਵਾਲ ’ਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਭਗ 90 ਮੌਤਾਂ ਹੋ ਚੁੱਕੀਆਂ ਹਨ ।ਜਿੰਨ੍ਹਾਂ ਵਿਚੋਂ 30 ਦੇ ਕਰੀਬ ਮੌਤਾਂ ਪਿਛਲੇ 15 ਦਿਨਾਂ ਵਿਚ ਹੋਈਆ। ਨੇੜਲੇ ਪਿੰਡ ਸ਼ੇਰੋਂ ਵਿਖੇ ਕੋਰੋਨਾ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ ਹੈ। ਲੌਂਗੋਵਾਲ ਬਲਾਕ ਵਿਚ ਸਰਕਾਰੀ ਅੰਕੜਿਆ ਮੁਤਾਬਕ ਅਜੇ 85 ਕੋਰੋਨਾ ਮਰੀਜ਼ ਜੇਰੇ ਇਲਾਜ ਹਨ, ਜਿਨ੍ਹਾਂ ਚੋਂ 13 ਲੌਂਗੋਵਾਲ ਸ਼ਹਿਰ ਨਾਲ ਸਬੰਧਤ  ਹਨ।

ਇਹ ਵੀ ਪੜ੍ਹੋ :  ਭਵਾਨੀਗੜ੍ਹ : ਕੋਰੋਨਾ ਨੇ ਫੜੀ ਰਫਤਾਰ, ਇੱਕੋ ਦਿਨ 'ਚ ਡੇਢ ਦਰਜਨ ਲੋਕ ਪਾਜ਼ੇਟਿਵ

ਮਾਮੂਲੀ ਲੱਛਣ ਦਿਖਣ ’ਤੇ ਕਰਵਾਓ ਕੋਰੋਨਾ ਟੈਸਟ - ਡਾ.ਅੰਜੂ ਸਿੰਗਲਾ
ਐੱਸ. ਐੱਮ. ਓ. ਲੌਂਗੋਵਾਲ ਡਾ. ਅੰਜੂ ਸਿੰਗਲਾ ਦਾ ਕਹਿਣਾ ਹੈ ਕਿ ਇਸ ਬੀਮਾਰੀ ਨੂੰ ਹਲਕੇ ’ਚ ਬਿਲਕੁਲ ਵੀ ਨਾ ਲਿਆ ਜਾਵੇ। ਸਿਹਤ ਮਹਿਕਮੇ ਵਲੋਂ ਥਾਂ-ਥਾਂ ’ਤੇ ਕੋਰੋਨਾ ਦੀ ਜਾਂਚ ਅਤੇ  ਵੈਕਸੀਨ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਮਾਮੂਲੀ ਲੱਛਣ ਵਿਖਾਈ ਦੇਣ ’ਤੇ ਕੋਰੋਨਾ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।
 
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ’ਚ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਅਪੀਲ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News