ਲੁੱਟ ਦੀ ਯੋਜਨਾ ਬਣਾਉਂਦੇ ਗਿਰੋਹ ਦੇ 4 ਮੈਂਬਰ ਕਾਬੂ, 2 ਫਰਾਰ

12/02/2017 9:22:36 PM

ਜਗਰਾਓਂ,(ਜਸਬੀਰ ਸ਼ੇਤਰਾ)— ਜਗਰਾਓਂ ਵਿਖੇ ਡੀ. ਆਈ. ਜੀ. ਗੁਰਸ਼ਰਨ ਸਿੰਘ ਸੰਧੂ ਤੇ ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ ਪ੍ਰੈੱਸ ਕਾਨਫਸੰਰ ਨੂੰ ਸੰਬੋਧਨ ਕਰਦਿਆਂ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ ਲੁੱਟ ਦੀ ਯੋਜਨਾ ਬਣਾਉਂਦੇ ਸਮੇਂ ਕਾਬੂ ਕਰਨ ਦਾ ਦਾਅਵਾ ਕੀਤਾ।
ਉਨ੍ਹਾਂ ਅਨੁਸਾਰ ਮੌਕੇ ਤੋਂ ਗਿਰੋਹ ਦੇ 2 ਮੈਂਬਰ ਫਰਾਰ ਹੋਣ 'ਚ ਸਫਲ ਹੋ ਗਏ। ਮੁਲਜ਼ਮਾਂ ਕੋਲੋਂ ਪੁਲਸ ਨੇ 65 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਗੁਰਸ਼ਰਨ ਸਿੰਘ ਸੰਧੂ ਆਈ. ਪੀ. ਐੱਸ., ਡਿਪਟੀ ਇੰਸਪੈਕਟਰ ਜਨਰਲ ਪੁਲਸ ਲੁਧਿਆਣਾ ਰੇਂਜ ਅਤੇ ਸੁਰਜੀਤ ਸਿੰਘ ਆਈ. ਪੀ. ਐੱਸ. ਐੱਸ. ਐੱਸ. ਪੀ. ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਇੰਸਪੈਕਟਰ ਲਖਵੀਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਜਗਰਾਓਂ ਵੱਲੋਂ ਸਮੇਤ ਪੁਲਸ ਪਾਰਟੀ ਦੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ 'ਤੇ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਪੁਦੀਨਾ ਫੈਕਟਰੀ ਪਿੰਡ ਭੁਮਾਲ ਕੋਲ ਬੈਠੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਡਕੈਤੀ ਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। 

PunjabKesari
ਇਸ 'ਤੇ ਉਕਤ ਇੰਸਪੈਕਟਰ ਵੱਲੋਂ ਪੁਲਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੂੰ ਨਾਲ ਲੈ ਕੇ ਪੁਲਸ ਦੀਆਂ ਵੱਖ-ਵੱਖ ਪਾਰਟੀਆਂ ਬਣਾ ਕੇ ਵੱਖ-ਵੱਖ ਦਿਸ਼ਾਵਾਂ ਵੱਲੋਂ ਮੌਕੇ 'ਤੇ ਰੇਡ ਕੀਤਾ ਤਾਂ ਪੁਲਸ ਪਾਰਟੀਆਂ ਨੂੰ ਦੇਖ ਕੇ 2 ਮੁਲਜ਼ਮ ਬਿੱਟੂ ਪੁੱਤਰ ਬਲਵਿੰਦਰ ਸਿੰਘ ਵਾਸੀ ਸੋਹਲ ਤਰਨਤਾਰਨ ਅਤੇ ਅੰਗਰੇਜ਼ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਓਡਰ ਜ਼ਿਲਾ ਅੰਮ੍ਰਿਤਸਰ ਮੌਕੇ ਤੋਂ ਫਰਾਰ ਹੋ ਗਏ।
ਪੁਲਸ ਨੇ ਸੁਖਰਾਜ ਸਿੰਘ ਉਰਫ ਸੁਖ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮਾਣਕਪੁਰ, ਜੋਬਨ ਸਿੰਘ ਉਰਫ ਜੋਬਨ ਪੁੱਤਰ ਬਲਦੇਵ ਸਿੰਘ ਵਾਸੀ ਸੋਹਲ, ਦਿਲਬਾਗ ਸਿੰਘ ਉਰਫ ਬਾਘਾ ਪੁੱਤਰ ਬਚਨ ਸਿੰਘ ਵਾਸੀ ਓਡਰ, ਤਰਸੇਮ ਸਿੰਘ ਉਰਫ ਦੀਪੂ ਉਰਫ ਪਟਵਾਰੀ ਪੁੱਤਰ ਚਰਨ ਸਿੰਘ ਵਾਸੀ ਸੁਲਤਾਨਵਿੰਡ ਹਾਲ ਵਾਸੀ ਕੋਟ ਖਾਲਸਾ ਜ਼ਿਲਾ ਅੰਮ੍ਰਿਤਸਰ ਨੂੰ ਕਾਬੂ ਕਰ ਲਿਆ। 
ਗ੍ਰਿਫਤਾਰ ਕੀਤੇ ਉਕਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਜੋਬਨ ਸਿੰਘ ਕੋਲੋਂ 1 ਪਿਸਤੌਲ 12 ਬੋਰ, 2 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਦਿਲਬਾਗ ਸਿੰਘ ਉਰਫ ਬਾਘਾ ਕੋਲੋਂ ਦੇਸੀ ਪਿਸਤੌਲ ਦੇਸੀ 12 ਬੋਰ, 2 ਜ਼ਿੰਦਾ ਰੌਂਦ 12 ਬੋਰ ਬਰਾਮਦ ਹੋਏ। ਦਿਲਬਾਗ ਸਿੰਘ ਉਰਫ ਬਾਘਾ ਮਜੀਠਾ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਐੱਸ. ਟੀ. ਵਿੰਗ ਦਾ ਪ੍ਰਧਾਨ ਰਿਹਾ ਹੈ। ਤਰਸੇਮ ਸਿੰਘ ਉਰਫ ਦੀਪੂ ਉਰਫ ਪਟਵਾਰੀ ਕੋਲੋਂ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ, ਜਿਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਥਾਣਾ ਮਾਮਲਾ ਦਰਜ ਕੀਤਾ ਗਿਆ। ਸੁਖਰਾਜ ਸਿੰਘ ਉਰਫ ਸੁਖ ਵਾਸੀ ਪਿੰਡ ਮਾਣਕਪੁਰ ਕੋਲੋਂ 1 ਪਿਸਤੌਲ 315 ਬੋਰ ਅਤੇ 2 ਰੌਂਦ ਜ਼ਿੰਦਾ ਬਰਾਮਦ ਹੋਏ। 
ਇਨ੍ਹਾਂ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਵੱਖ-ਵੱਖ ਥਾਵਾਂ ਤੋਂ 65 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੇ ਮੰਨਿਆ ਹੈ ਕਿ ਇਹ ਮੋਟਰਸਾਈਕਲ ਉਨ੍ਹਾਂ ਨੇ ਲੁਧਿਆਣਾ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅੰਮ੍ਰਿਤਸਰ ਰਾਣੀ ਬਾਗ, ਰਣਜੀਤ ਐਵੀਨਿਊ, ਰੇਲਵੇ ਸਟੇਸ਼ਨ, ਹਾਲ ਗੇਟ ਅਤੇ ਤਰਨਤਾਰਨ ਤੋਂ ਦਰਬਾਰ ਸਾਹਿਬ ਦੇ ਬਾਹਰ ਤੋਂ ਚੋਰੀ ਕੀਤੇ ਹਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Related News