ਫੋਰ ਲੇਨ ਘਪਲੇ ਦੇ ਦੋਸ਼ੀਆਂ ਦੀ ਸੁਣਵਾਈ ਹੁਣ 9 ਅਗਸਤ ਨੂੰ

07/20/2017 12:35:16 PM

ਹੁਸ਼ਿਆਰਪੁਰ(ਅਮਰਿੰਦਰ)— ਹੁਸ਼ਿਆਰਪੁਰ ਦੇ ਬਹੁਚਰਚਿਤ ਫੋਰ ਲੇਨ ਘਪਲੇ ਦੇ 6 ਦੋਸ਼ੀਆਂ ਸਾਬਕਾ ਐੱਸ. ਡੀ. ਐੱਮ. ਅਨੰਦ ਸਾਗਰ ਸ਼ਰਮਾ, ਬਲਜਿੰਦਰ ਸਿੰਘ, ਮਨਜੀਤ ਸਿੰਘ, ਪਰਵਿੰਦਰ ਕੁਮਾਰ, ਦਲਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਦੀ ਆਗਾਮੀ ਜ਼ਮਾਨਤ ਦੀ ਸੁਣਵਾਈ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ 'ਚ ਜਸਟਿਸ ਏ. ਬੀ. ਚੌਧਰੀ ਦੀ ਅਦਾਲਤ 'ਚ ਹੋਈ। ਸੁਣਵਾਈ ਤੋਂ ਬਾਅਦ ਜਸਟਿਸ ਚੌਧਰੀ ਦੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਤਾਰੀਖ 9 ਅਗਸਤ ਤੈਅ ਕੀਤੀ ਹੈ। ਵਰਨਣਯੋਗ ਹੈ ਕਿ ਬਹੁਚਰਚਿਤ ਫੋਰ ਲੇਨ ਘਪਲੇ ਦਾ ਇਕ ਦੋਸ਼ੀ ਪ੍ਰਤੀਕ ਗੁਪਤਾ ਇਸ ਸਮੇਂ ਲੁਧਿਆਣਾ ਜੇਲ ਵਿਚ ਬੰਦ ਹੈ। ਪ੍ਰਤੀਕ ਗੁਪਤਾ ਦੀ ਜ਼ਮਾਨਤ ਦੀ ਸੁਣਵਾਈ 20 ਜੁਲਾਈ ਨੂੰ ਲੁਧਿਆਣਾ ਵਿਖੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਦਲਜੀਤ ਸਿੰਘ ਦੀ ਅਦਾਲਤ 'ਚ ਹੋਵੇਗੀ। 
ਦੱਸਣਯੋਗ ਹੈ ਕਿ ਕਰੋੜਾਂ ਰੁਪਏ ਦੇ ਇਸ ਬਹੁਚਰਚਿਤ ਫੋਰ ਲੇਨ ਘਪਲੇ ਦਾ ਖੁਲਾਸਾ ਪਿਛਲੇ ਸਾਲ ਜੂਨ ਵਿਚ ਹੋਇਆ ਸੀ। ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਜੀਲੈਂਸ ਬਿਊਰੋ ਦੀ ਐੱਸ. ਆਈ. ਟੀ. ਗਠਿਤ ਕਰਕੇ 6 ਹਫਤੇ ਦੇ ਅੰਦਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਕਿਹਾ ਸੀ ਪਰ ਵਿਜੀਲੈਂਸ ਦੀ ਜਾਂਚ ਠੰਡੇ ਬਸਤੇ ਵਿਚ ਚਲੀ ਗਈ ਸੀ। ਇਸ ਸਾਲ 4 ਫਰਵਰੀ ਨੂੰ ਚੋਣਾਂ ਖਤਮ ਹੋਣ ਤੋਂ ਬਾਅਦ 7 ਅਪ੍ਰੈਲ ਨੂੰ ਵਿਜੀਲੈਂਸ ਬਿਊਰੋ ਲੁਧਿਆਣਾ ਨੇ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਹੀ ਦੋਸ਼ੀ ਅੰਡਰ-ਗਰਾਊਂਡ ਹੋ ਗਏ ਸਨ।


Related News