ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ ''ਚ ਔਰਤ ਸਣੇ 4 ਅੜਿੱਕੇ

Sunday, Jun 11, 2017 - 12:35 AM (IST)

ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ ''ਚ ਔਰਤ ਸਣੇ 4 ਅੜਿੱਕੇ

ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਪੁਲਸ ਵੱਲੋਂ ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਦੇ ਆਦੇਸ਼ਾਂ 'ਤੇ ਨਸ਼ਿਆਂ ਦੇ ਸਮੱਗਲਰਾਂ ਤੇ ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਦੌਰਾਨ ਪੁਲਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦੋਂ ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ 2 ਕਾਰਾਂ 'ਚ ਲਿਜਾਈਆਂ ਜਾ ਰਹੀਆਂ 38 ਪੇਟੀਆਂ ਸ਼ਰਾਬ ਬਰਾਮਦ ਕੀਤੀ। ਇਹ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਹਰਜਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ ਰਾਤ ਥਾਣਾ ਬੁੱਲ੍ਹੋਵਾਲ ਦੇ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਏ. ਐੱਸ. ਆਈ. ਰਜਿੰਦਰ ਸਿੰਘ, ਏ. ਐੱਸ. ਆਈ. ਜੋਗ ਰਾਜ, ਏ. ਐੱਸ. ਆਈ. ਪ੍ਰੀਤਮ ਸਿੰਘ, ਲੇਡੀ ਹੈੱਡ ਕਾਂਸਟੇਬਲ ਕਮਲੇਸ਼ ਕੌਰ ਤੇ ਹੈੱਡ ਕਾਂਸਟੇਬਲ ਜਤਿੰਦਰ ਸਿੰਘ 'ਤੇ ਆਧਾਰਿਤ ਪਾਰਟੀ ਨੇ ਟੀ-ਪੁਆਇੰਟ ਭੋਗਪੁਰ ਰੋਡ, ਬੁੱਲ੍ਹੋਵਾਲ ਵਿਖੇ ਭੁਪੇਸ਼ ਕੁਮਾਰ ਉਰਫ ਥਾਪਾ ਪੁੱਤਰ ਰਾਕੇਸ਼ ਕੁਮਾਰ ਤੇ ਮੁਸਕਾਨ ਹਾਂਡਾ ਉਰਫ ਡਿੰਪਲ ਵਾਸੀ ਆਦਮਵਾਲ, ਜੋ ਇਨੋਵਾ ਗੱਡੀ, ਜਿਸ 'ਤੇ ਐੱਚ ਪੀ 20-3119 ਦੀ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ, ਵਿਚੋਂ 8 ਪੇਟੀਆਂ ਸਗੰਤਰਾ ਸ਼ਰਾਬ, ਜਿਸ 'ਤੇ ਸਿਰਫ ਹਿਮਾਚਲ ਸੇਲ ਹੀ ਲਿਖਿਆ ਹੋਇਆ ਸੀ ਅਤੇ 18 ਪੇਟੀਆਂ ਪੰਜਾਬ ਕਿੰਗ ਸੁਪਰ ਸ਼ਰਾਬ ਬਰਾਮਦ ਕੀਤੀ। 
ਉਨ੍ਹਾਂ ਦੱਸਿਆ ਕਿ ਇਕ ਹੋਰ ਆਲਟੋ ਕਾਰ, ਜਿਸ 'ਤੇ ਐੱਚ ਪੀ 19-3816 ਨੰਬਰ ਦੀ ਪਲੇਟ ਲੱਗੀ ਹੋਈ ਸੀ, ਨੂੰ ਕਾਬੂ ਕਰਕੇ ਸੰਦੀਪ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਧਾਰੀਵਾਲ ਜ਼ਿਲਾ ਗੁਰਦਾਸਪੁਰ ਤੇ ਆਸ਼ੂ ਪੁੱਤਰ ਜੰਗ ਬਹਾਦਰ ਵਾਸੀ ਕੱਚਾ ਟੋਬਾ ਕੋਲੋਂ 2 ਪੇਟੀਆਂ ਸ਼ਰਾਬ ਮਾਰਕਾ ਸੰਗਤਰਾ, ਜੋ ਕਿ ਸਿਰਫ ਹਿਮਾਚਲ ਸੇਲ ਹੈ, 3 ਪੇਟੀਆਂ ਕੈਸ਼ ਵ੍ਹਿਸਕੀ, 7 ਪੇਟੀਆਂ ਬ੍ਰਾਂਡ ਪੰਜਾਬ ਕਿੰਗ ਸੁਪਰ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਪੁੱਛਗਿੱਛ ਦੌਰਾਨ ਮੁਸਕਾਨ ਹਾਂਡਾ ਤੇ ਭੁਪੇਸ਼ ਕੁਮਾਰ ਦੇ ਘਰ 'ਚ ਛਾਪਾ ਮਾਰ ਕੇ 15 ਪੇਟੀਆਂ ਸ਼ਰਾਬ ਹੋਰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਬਜ਼ੇ ਵਿਚ ਲਈ ਗਈ ਇਨੋਵਾ ਦਾ ਅਸਲ ਰਜਿਸਟ੍ਰੇਸ਼ਨ ਨੰ. ਪੀ ਬੀ 07-7100 ਅਤੇ ਆਲਟੋ ਕਾਰ ਦਾ ਅਸਲੀ ਨੰ. ਪੀ ਬੀ 07-ਪੀ-2223 ਹੈ। 
ਥਾਪਾ 'ਤੇ ਪਹਿਲਾਂ ਵੀ ਹਨ 27 ਮਾਮਲੇ ਦਰਜ : ਡੀ. ਐੱਸ. ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਚਾਰਾਂ ਦੋਸ਼ੀਆਂ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 61-1-14, ਹੇਰਾਫੇਰੀ ਦੇ ਦੋਸ਼ 'ਚ ਧਾਰਾ 420 ਤੇ ਜਾਅਲੀ ਨੰਬਰ ਪਲੇਟ ਲਾਉਣ ਦੇ ਦੋਸ਼ 'ਚ ਧਾਰਾ 482 ਤਹਿਤ ਮਾਮਲੇ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਭੁਪੇਸ਼ ਕੁਮਾਰ ਉਰਫ ਥਾਪਾ ਖਿਲਾਫ਼ 27 ਮਾਮਲੇ ਪਹਿਲਾਂ ਹੀ ਦਰਜ ਹਨ। ਦੋਸ਼ੀਆਂ ਖਿਲਾਫ਼ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਹਿਮਾਚਲ ਪ੍ਰਦੇਸ਼ ਤੋਂ ਸ਼ਰਾਬ ਦੀ ਸਮੱਗਲਿੰਗ ਕਰਕੇ ਬੁੱਲ੍ਹੋਵਾਲ ਤੇ ਜ਼ਿਲੇ ਦੇ ਹੋਰਨਾਂ ਥਾਵਾਂ 'ਤੇ ਵੇਚਦੇ ਹਨ।


Related News