ਪੰਜਾਬ ਦੀ ਪਹਿਲੀ ਸੋਲ ਲੈਬ ਸਿੱਧੂਵਾਲ ਦੇ ਸਰਕਾਰੀ ਸਕੂਲ ''ਚ ਸਥਾਪਤ
Tuesday, Jan 16, 2018 - 05:53 AM (IST)
 
            
            ਪਟਿਆਲਾ, (ਪ. ਪ., ਜੋਸਨ)- ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਵਿੱਦਿਆ ਦੇ ਮੌਕੇ ਪ੍ਰਦਾਨ ਕਰ ਕੇ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਦੀ ਪਹਿਲੀ ਸੋਲ ਲੈਬ (ਸੈਲਫ ਆਰਗੇਨਾਈਜ਼ਡ ਲਰਨਿੰਗ ਇਨਵਾਇਰਨਮੈਂਟ) ਵਿਰਾਸਤੀ ਸ਼ਹਿਰ ਪਟਿਆਲਾ ਨੇੜਲੇ ਪਿੰਡ ਸਿੱਧੂਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਥਾਪਤ ਕੀਤੀ ਗਈ ਹੈ।
ਛੋਟੇ ਬੱਚਿਆਂ ਨੂੰ ਹੀ ਅੰਤਰਰਾਸ਼ਟਰੀ ਪੱਧਰ ਦੀਆਂ ਤਕਨੀਕਾਂ ਨਾਲ ਲੈਸ ਸਵੈ-ਸੰਗਠਿਤ ਸਿਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਤਜਰਬੇ ਦੇ ਤੌਰ 'ਤੇ ਸਥਾਪਤ ਕੀਤੀ ਇਸ ਪਹਿਲੀ ਸੋਲ ਲੈਬ ਦਾ ਉਦਘਾਟਨ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਆਧੁਨਿਕ ਤਕਨੀਕਾਂ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਬੜੀ ਤੇਜ਼ੀ ਨਾਲ ਹੁੰਦਾ ਹੈ। ਬੱਚੇ ਪੜ੍ਹਾਈ ਤੋਂ ਡਰਨ ਦੀ ਬਜਾਏ ਉਸ ਨੂੰ ਸ਼ੌਕ ਨਾਲ ਨੇਪਰੇ ਚਾੜ੍ਹਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਕ ਮਹੀਨੇ ਦੇ ਤਜਰਬੇ ਤੋਂ ਬਾਅਦ ਆਉਣ ਵਾਲੇ ਨਤੀਜਿਆਂ ਉਪਰੰਤ ਇਹ ਲੈਬਜ਼ ਜ਼ਿਲੇ ਦੇ ਹੋਰਨਾਂ ਸਰਕਾਰੀ ਸਕੂਲਾਂ ਵਿਚ ਸਥਾਪਤ ਕੀਤੀਆਂ ਜਾਣਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਇਹ ਲੈਬ ਬੱਚਿਆਂ ਦੀ ਭਾਸ਼ਾਵਾਂ ਨੂੰ ਸਹੀ ਉਚਾਰਨ ਵਿਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਨੂੰ ਸੂਚਨਾ ਤੇ ਤਕਨਾਲੋਜੀ ਦੇ ਯੁੱਗ ਵਿਚ ਵਿਚਰਨ ਦੇ ਮੌਕੇ ਪ੍ਰਦਾਨ ਕਰੇਗੀ। ਉਨ੍ਹਾਂ ਲੈਬ ਵਿਚ ਲੰਮਾ ਸਮਾਂ ਬੱਚਿਆਂ ਨਾਲ ਬਤੀਤ ਕੀਤਾ। ਉਨ੍ਹਾਂ ਦੀ ਪੜ੍ਹਨ ਤੇ ਸਿੱਖਣ ਦੇ ਨਵੀਨਤਮ ਤਰੀਕਿਆਂ 'ਚ ਦਿਲਚਸਪੀ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਸੁਖਪਾਲ ਸਿੰਘ, ਪਿੰਡ ਦੇ ਸਰਪੰਚ ਕਰਮਜੀਤ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਿਨੀਤ ਕੁਮਾਰ ਸ਼ਰਮਾ, ਜੇ. ਈ. ਪੰਚਾਇਤੀ ਰਾਜ ਲਵੀਸ਼ ਗੌਤਮ, ਪੰਚਾਇਤ ਸਕੱਤਰ ਅਮਰੀਕ ਸਿੰਘ, ਸਕੂਲ ਦੀ ਮੁਖੀ ਸੁਰਿੰਦਰ ਕੌਰ, ਅਧਿਆਪਕ ਗੁਰਪ੍ਰੀਤ ਕੌਰ, ਮਨਮੀਤ ਕੌਰ, ਮਲਕੀਤ ਕੌਰ, ਪੰਚ ਕਰਨੈਲ ਖਾਨ, ਰਾਜੇਸ਼ ਕੁਮਾਰ, ਪ੍ਰਗਟ ਸਿੰਘ ਤੇ ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            