10 ਸਾਲ ਹੋਏ ਨੀਂਹ ਪੱਥਰ ਰੱਖਿਆਂ ਨੂੰ, ਅਜੇ ਨਾ ਬਣਿਆ ਕਾਲਜ

Tuesday, Apr 17, 2018 - 03:13 AM (IST)

ਭਦੌੜ/ਸ਼ਹਿਣਾ, (ਸਿੰਗਲਾ)— ਕਸਬੇ ਵਿਖੇ ਸੰਨ 2008 'ਚ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਾਲਜ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ ਪਰ ਕਾਲਜ ਬਣਾਉਣ ਦੀ ਗੱਲ ਨੀਂਹ ਪੱਥਰ ਤੋਂ ਇਕ ਇੰਚ ਵੀ ਅੱਗੇ ਨਹੀਂ ਤੁਰੀ। ਅੱਜ ਕਾਲਜ ਬਣਾਉਣ ਵਾਲੀ ਜਗ੍ਹਾ 'ਤੇ ਇਕੱਠੇ ਹੋਏ ਆਗੂਆਂ 'ਚ ਕਾਂਗਰਸ ਕਿਸਾਨ ਮਜ਼ਦੂਰ ਸੈੱਲ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਕਲਕੱਤਾ, ਸਹਾਰਾ ਸਪੋਰਟਸ ਅਤੇ ਵੈੱਲਫੇਅਰ ਕਲੱਬ ਸ਼ਹਿਣਾ ਜਗਸੀਰ ਸਿੰਘ, ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ, ਜੀਤ ਸਿੰਘ, ਗੁਰਦੁਆਰਾ ਤ੍ਰਿਵੈਣੀ ਸਾਹਿਬ ਦੇ ਪ੍ਰਧਾਨ ਬਿੱਕਰ ਸਿੰਘ, ਸੁਖਚੈਨ ਸਿੰਘ, ਲੋਕ ਭਲਾਈ ਯੂਥ ਕਲੱਬ ਦੇ ਗੋਪਾਲ ਸਿੰਘ ਭੰਗਰੀਆਂ, ਬੀਬੜੀਆਂ ਮਾਈਆਂ ਕਮੇਟੀ ਦੇ ਮਨੋਜ ਕੁਮਾਰ, ਸਰਭੂ ਸ਼ਹਿਣਾ, ਬਾਬਾ ਫਲਗੂ ਦਾਸ ਕਮੇਟੀ ਦੇ ਗਿੰਦਰ ਸਿੰਘ ਮੌੜ, ਲਾਭ ਸਿੰਘ ਨੰਬਰਦਾਰ, ਸ਼ਹੀਦ ਬੁੱਧੂ ਖਾਂ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਬੀਰਬਲ ਖਾਂ, ਸੈਕਟਰੀ ਇਕਬਾਲ ਸਿੰਘ, ਫਰੈਂਡਜ਼ ਕਲੱਬ ਸ਼ਹਿਣਾ ਦੇ ਪ੍ਰਧਾਨ ਨਰਿੰਦਰ ਸਿੰਗਲਾ, ਸੈਕਟਰੀ ਸੰਜੇ ਸ਼ਰਮਾ ਆਦਿ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਿਰ ਕੀਤਾ। 
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਕਸਬੇ ਵਿਚ ਕੁੜੀਆਂ ਦਾ ਕਾਲਜ ਬਣਾਉਣ ਲਈ ਨੀਂਹ ਪੱਥਰ ਰੱਖੇ ਨੂੰ ਅੱਜ 16 ਅਪ੍ਰੈਲ ਨੂੰ ਪੂਰੇ 10 ਸਾਲ ਹੋ ਗਏ ਹਨ ਪਰ ਕਾਲਜ ਬਣਾਉਣ ਲਈ ਸੇਰ 'ਚੋਂ ਪੂਣੀ ਵੀ ਨਹੀਂ ਕੱਤੀ ਗਈ। ਕਾਲਜ ਬਣਾਉਣ ਲਈ ਲੋਕਾਂ ਨੇ 8 ਕਿੱਲੇ ਜ਼ਮੀਨ ਭਰਤ ਪਾ ਕੇ ਤਿਆਰ ਕਰ ਕੇ ਦਿੱਤੀ ਸੀ। ਇਸ ਜ਼ਮੀਨ ਨੂੰ ਤਿਆਰ ਕਰਨ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹਿਣਾ ਨੇ ਵੀ ਹਜ਼ਾਰਾਂ ਰੁਪਏ ਖਰਚ ਕੀਤੇ ਪਰ ਕਾਲਜ ਕੋਝੀ ਸਿਆਸਤ ਦੀ ਭੇਟ ਚੜ੍ਹ ਗਿਆ। ਕਾਲਜ ਦਾ ਨੀਂਹ ਪੱਥਰ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਗਠਜੋੜ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਰੱਖਿਆ ਸੀ। ਕਾਲਜ ਦੇ ਉਦਘਾਟਨੀ ਸਮਾਰੋਹ 'ਚ ਉਸ ਸਮੇਂ ਦੇ ਵਿਧਾਇਕ ਬਲਵੀਰ ਸਿੰਘ ਘੁੰਨਸ, ਡੀ.ਸੀ. ਅਤੇ ਪੰਚਾਇਤ ਤੋਂ ਇਲਾਵਾ ਵੱਡੀ ਪੱਧਰ 'ਤੇ ਆਗੂ ਆਏ ਪਰ ਹੁਣ ਸਭ ਚੁੱਪ ਹਨ। 
ਇਸ ਸਬੰਧੀ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸ਼ਹਿਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਲਜ ਵਾਲੀ ਜਗ੍ਹਾ 'ਤੇ 8 ਕਿੱਲੇ ਜਗ੍ਹਾ 'ਚੋਂ 2.5 'ਤੇ ਕਮੇਟੀ ਵੱਲੋਂ ਲੜਕੀਆਂ ਦਾ ਗਰਾਊਂਡ ਬਣਾਇਆ ਜਾਵੇਗਾ, ਬਾਕੀ ਜ਼ਮੀਨ 'ਚ ਕਾਲਜ ਬਣਾਉਣ ਲਈ ਪ੍ਰਬੰਧਕ ਕਮੇਟੀ ਤਤਪਰ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਚ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਰੋਸ ਮੁਜ਼ਾਹਰੇ ਕਰਨ ਦਾ ਕੀ ਫਾਇਦਾ? ਕਾਂਗਰਸੀ ਵਰਕਰ ਆਪਣੀ ਸਰਕਾਰ ਨੂੰ ਮਿਲਣ ਅਤੇ ਕਾਲਜ ਬਣਾਉਣ ਲਈ ਯਤਨ ਕਰਨ। ਸਾਡੀ ਸਰਕਾਰ ਨੇ ਸ਼ਹਿਣਾ 'ਚ ਬਿਜਲੀ ਗਰਿੱਡ, ਸਕੂਲ ਅਪਗ੍ਰੇਡ, ਮੰਡੀ ਦਾ ਫੜ੍ਹ ਵੱਡਾ ਕਰਨ ਸਣੇ ਕਈ ਕੰਮ ਕੀਤੇ ਹਨ। ਹੁਣ ਕਾਂਗਰਸ ਕਰ ਕੇ ਦਿਖਾਏ ਕੁਝ।


Related News