ਨੰਬਰਦਾਰਾਂ ਦੀਆਂ ਮੰਗਾਂ ਮਨਵਾਉਣ ਲਈ ਖ਼ੁਦ ਬਣਾਂਗੀ ਵਕੀਲ : ਪ੍ਰਨੀਤ ਕੌਰ

Friday, Mar 16, 2018 - 12:50 PM (IST)

ਦੇਵੀਗੜ੍ਹ (ਭੁਪਿੰਦਰ)-ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਨੰਬਰਦਾਰਾਂ ਵੱਲੋਂ ਉਠਾਏ ਗਏ ਮਸਲਿਆਂ ਅਤੇ ਪੇਸ਼ ਕੀਤੀਆਂ ਮੰਗਾਂ ਸਬੰਧੀ ਭਰੋਸਾ ਦਿੱਤਾ ਕਿ ਉਹ ਖ਼ੁਦ ਉਨ੍ਹਾਂ ਦੇ ਵਕੀਲ ਬਣ ਕੇ ਮੁੱਖ ਮੰਤਰੀ ਕੋਲੋਂ ਇਨ੍ਹਾਂ ਨੂੰ ਪੂਰਾ ਕਰਵਾਉਣਗੇ। ਇਹ ਪ੍ਰਗਟਾਵਾ ਉਨ੍ਹਾਂ ਨੇ ਅੱਜ ਦੂਧਨਸਾਧਾਂ ਵਿਖੇ ਪੰਜਾਬ ਦੇ ਨੰਬਰਦਾਰਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਤਰਲੋਚਨ ਸਿੰਘ ਮਾਨ ਦੀ ਅਗਵਾਈ ਹੇਠ ਨੰਬਰਦਾਰ ਯੂਨੀਅਨ ਵੱਲੋਂ ਮਨਾਏ ਗਏ 10ਵੇਂ ਤਹਿਸੀਲ ਪੱਧਰੀ ਸਥਾਪਨਾ ਦਿਵਸ ਮੌਕੇ ਕਰਵਾਏ ਇਕ ਸੂਬਾ ਪੱਧਰੀ ਵਿਸ਼ਾਲ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। 
ਇਸ ਮੌਕੇ ਪ੍ਰਨੀਤ ਕੌਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਭਲੇ ਲਈ ਮੋਦੀ ਸਰਕਾਰ ਕੋਲ ਆਵਾਜ਼ ਬੁਲੰਦ ਕਰਨ। ਉਨ੍ਹਾਂ ਦੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁੱਧ ਵਿਤਕਰੇ ਦੇ ਇਲਜ਼ਾਮ ਲਾਏ ਜਾਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਖਾਲੀ ਨਹੀਂ ਸੀ ਮੋੜਿਆ। ਹੁਣ ਜਦੋਂ ਉਨ੍ਹਾਂ ਦੀ ਭਾਈਵਾਲ ਭਾਜਪਾ ਸਰਕਾਰ ਕੇਂਦਰ 'ਤੇ ਕਾਬਜ਼ ਹੈ ਤਾਂ ਪੰਜਾਬ ਨਾਲ ਮੋਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਵਿਤਕਰਾ ਸਭ ਦੇ ਸਾਹਮਣੇ ਹੈ। ਸ਼੍ਰੀਮਤੀ ਬਾਦਲ ਚੁੱਪ ਰਹਿ ਕੇ ਇਸ ਸਭ ਕੁਝ ਦੇ ਗਵਾਹ ਬਣ ਰਹੇ ਹਨ। 
ਇਸ ਦੌਰਾਨ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਲੋਚਨ ਸਿੰਘ ਮਾਨ ਨੇ ਕਿਹਾ ਜੇਕਰ ਉਨ੍ਹਾਂ ਨੂੰ ਮਾਣ ਮਿਲਿਆ ਤਾਂ ਉਹ ਕੇਵਲ ਕਾਂਗਰਸ ਸਰਕਾਰ ਸਮੇਂ ਹੀ ਮਿਲਿਆ ਹੈ। ਕਾਂਗਰਸ ਦੇ ਮੈਨੀਫੈਸਟੋ 'ਚ ਨੰਬਰਦਾਰਾਂ ਨੂੰ ਜੱਦੀ ਪੁਸ਼ਤੀ ਨੰਬਰਦਾਰੀ ਦੇਣ ਅਤੇ 2500 ਰੁਪਏ ਮਾਣ ਭੱਤਾ ਦੇਣ ਅਤੇ ਤਹਿਸੀਲਾਂ 'ਚ ਬੈਠਣ ਲਈ ਕਮਰੇ ਦਾ ਪ੍ਰਬੰਧ ਕਰ ਕੇ ਦੇਣ ਦਾ ਜ਼ਿਕਰ ਹੈ, ਇਸ ਲਈ ਪ੍ਰਨੀਤ ਕੌਰ, ਮੁੱਖ ਮੰਤਰੀ ਕੋਲੋਂ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨਵਾ ਕੇ ਦੇਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰੇਗੀ। ਨੰਬਰਦਾਰਾਂ ਵੱਲੋਂ ਸ਼੍ਰੀਮਤੀ ਪ੍ਰਨੀਤ ਕੌਰ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਵੀ ਸੌਂਪਿਆ ਗਿਆ।
ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਨੰਬਰਦਾਰਾਂ ਦਾ ਹਰ ਵਿਭਾਗ 'ਚ ਅਹਿਮ ਸਥਾਨ ਹੁੰਦਾ ਹੈ। 
ਇਹ ਇਕ ਵੱਡੀ ਜ਼ਿੰਮੇਵਾਰੀ ਨਿਭਾ ਕੇ ਇਕ ਅਹਿਮ ਕੜੀ ਦਾ ਕੰਮ ਕਰਦੇ ਹਨ, ਇਸ ਲਈ ਇਨ੍ਹਾਂ ਦੀਆਂ ਮੰਗਾਂ ਮੁੱਖ ਮੰਤਰੀ ਵੱਲੋਂ ਜ਼ਰੂਰ ਮੰਨੀਆਂ ਜਾਣਗੀਆਂ। ਉਨ੍ਹਾਂ ਨੇ ਮੋਦੀ ਸਰਕਾਰ ਸਮੇਤ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਅਣਗੌਲੇ ਸਨੌਰ ਹਲਕੇ ਦੀ ਦੇਖ-ਰੇਖ ਪ੍ਰਨੀਤ ਕੌਰ ਵੱਲੋਂ ਖ਼ੁਦ ਕੀਤੇ ਜਾਣ ਮਗਰੋਂ ਹਲਕੇ ਦੀ ਵਿਕਾਸ ਕਾਰਜਾਂ ਪੱਖੋਂ ਕਾਇਆ-ਕਲਪ ਹੋਣ ਲੱਗੀ ਹੈ। ਇਸ ਦੌਰਾਨ ਪ੍ਰਨੀਤ ਕੌਰ ਅਤੇ ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਦਿਹਾਤੀ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਚਰਨਜੀਤ ਕੌਰ ਨੂੰ ਮਹਿਲਾ ਕਾਂਗਰਸ ਭੁਨਰਹੇੜੀ ਦਾ ਪ੍ਰਧਾਨ ਵੀ ਥਾਪਿਆ ਗਿਆ। ਇਸ ਮੌਕੇ ਮੁੱਖ ਮੰਤਰੀ ਦੇ ਓ. ਐੈੱਸ. ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸੀਨੀਅਰ ਯੂਥ ਕਾਂਗਰਸੀ ਆਗੂ ਰਤਿੰਦਰ ਸਿੰਘ ਰਿੱਕੀ ਮਾਨ, ਜ਼ਿਲਾ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਆਦਿ ਹਾਜ਼ਰ ਸਨ। 


Related News