ਬਹਿਬਲ ਕਲਾਂ ਗੋਲੀਕਾਂਡ : ਚਰਨਜੀਤ ਸ਼ਰਮਾ ਦੀ ਅਗਲੀ ਪੇਸ਼ੀ 14 ਮਈ ਨੂੰ

05/02/2019 3:57:23 PM

ਫਰੀਦਕੋਟ (ਜਗਤਾਰ) - ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ 'ਚ 'ਸਿੱਟ' (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਵਲੋਂ ਕਾਬੂ ਕੀਤੇ ਗਏ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਜੋ ਜੁਡੀਸ਼ੀਅਲ ਰਿਮਾਂਡ 'ਤੇ ਪਟਿਆਲਾ ਜੇਲ 'ਚ ਹਨ, ਨੂੰ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਦੀ ਅਦਾਲਤ 'ਚ ਸਖ਼ਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ। ਪੇਸ਼ੀ ਉਪਰੰਤ ਸ਼ਰਮਾ ਦੇ ਵਕੀਲ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ 'ਸਿੱਟ' ਵਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤੇ ਗਏ ਚਲਾਨ ਦੀ ਕਾਪੀ ਦੀ ਮੰਗ ਕੀਤੀ ਸੀ, ਜੋ ਉਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ। ਮਾਣਯੋਗ ਅਦਾਲਤ 'ਚ ਉਨ੍ਹਾਂ ਵਲੋਂ ਇਕ ਹੋਰ ਅਰਜ਼ੀ ਦਾਇਰ ਕਰਕੇ ਹੁਣ ਤੱਕ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧਤ ਜਿੰਨੇ ਵੀ ਜਾਂਚ ਕਮਿਸ਼ਨ ਜਾਂ ਇਨਵੈਸਟੀਗੇਸ਼ਨ ਟੀਮਾਂ ਵੱਲੋਂ ਸ਼ਰਮਾ ਦੇ ਬਿਆਨ ਲਏ ਗਏ ਹਨ, ਦੀ ਕਾਪੀ ਦੀ ਮੰਗ ਕੀਤੀ ਗਈ ਹੈ। 

ਉਨ੍ਹਾਂ ਦੱਸਿਆ ਕਿ 'ਸਿੱਟ' ਵਲੋਂ ਦਾਇਰ ਕੀਤੇ ਗਏ ਚਲਾਨ 'ਚ ਸਿਰਫ ਪੁਲਸ ਮੁਲਾਜ਼ਮਾਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਬਹਿਬਲ ਕਲਾਂ ਮਾਮਲੇ 'ਚ ਸ਼ਰਮਾ 'ਤੇ ਸਿਰਫ ਪਾਰਟੀ ਨੂੰ ਕਮਾਂਡ ਕਰਨ ਦੇ ਦੋਸ਼ ਲਾਏ ਗਏ ਹਨ, ਜਦਕਿ ਅਜਿਹਾ ਕੋਈ ਵੀ ਗਵਾਹ ਜਾਂ ਸਬੂਤ ਨਹੀਂ, ਜੋ ਇਹ ਸਾਬਤ ਕਰਦਾ ਹੋਵੇ ਕਿ ਗੋਲੀਆਂ ਇਨ੍ਹਾਂ ਵਲੋਂ ਚਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਚਾਰਜਸ਼ੀਟ 'ਚ 3 ਹੋਰ ਪੁਲਸ ਅਧਿਕਾਰੀਆਂ, ਜੋ ਜ਼ਮਾਨਤ 'ਤੇ ਹਨ, ਉਨ੍ਹਾਂ ਸਬੰਧੀ ਜਾਂਚ ਜਾਰੀ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਚਾਰਜਸ਼ੀਟ 'ਚ ਕਿਸੇ ਵੀ ਸਿਆਸੀ ਪਾਰਟੀ ਜਾਂ ਵਿਅਕਤੀ ਦਾ ਜ਼ਿਕਰ ਨਹੀਂ। ਇਸ ਲਈ ਕਿਸੇ ਨੂੰ ਦੋਸ਼ੀ ਠਹਿਰਾਇਆ ਜਾਣਾ ਮੰਨਣਯੋਗ ਨਹੀਂ ਹੈ। ਵਕੀਲ ਨਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਰਮਾ ਦੀ ਅਗਲੀ ਪੇਸ਼ੀ 14 ਮਈ ਨੂੰ ਨਿਸ਼ਚਿਤ ਕੀਤੀ ਗਈ ਹੈ।


rajwinder kaur

Content Editor

Related News