ਸਾਬਕਾ ਸਰਪੰਚ ਦੀ ਫੇਸਬੁੱਕ ਆਈ. ਡੀ. ਹੈਕ ਕਰਕੇ ਦੋਸਤ ਕੋਲੋਂ ਮੰਗੇ 10 ਹਜ਼ਾਰ ਰੁਪਏ
Thursday, May 21, 2020 - 12:54 PM (IST)
ਜਲੰਧਰ (ਵਰਿਆਣਾ)— ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਸੰਗਲ ਸੋਹਲ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੀ ਫੇਸਬੁਕ ਆਈ. ਡੀ. ਕਿਸੇ ਹੈਕਰ ਨੇ ਹੈਕ ਕਰਕੇ ਉਸ ਦੇ ਫੇਸਬੁਕ ਦੋਸਤਾਂ ਕੋਲੋਂ ਮਦਦ ਦੇ ਨਾਂ 'ਤੇ ਪੈਸੇ ਮੰਗਣੇ ਸ਼ੁਰੂ ਕਰ ਦਿਤੇ, ਜਿਸ ਬਾਰੇ ਪਤਾ ਚਲਦਿਆਂ ਹੀ ਸਾਬਕਾ ਸਰਪੰਚ ਹੈਰਾਨ ਪਰੇਸ਼ਾਨ ਹੋ ਗਿਆ। ਇਸ ਸਬੰਧੀ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਕਿਸੇ ਦੋਸਤ ਦਾ ਫੋਨ ਆਇਆ ਕਿ ਤੁਹਾਨੂੰ ਪੈਸਿਆਂ ਦੀ ਕਿਹੜੀ ਜ਼ਰੂਰਤ ਪੈ ਗਈ, ਜੋ ਤੁਸੀਂ ਫੇਸਬੁੱਕ ਦੁਆਰਾ ਮਦਦ ਮੰਗ ਰਹੇ ਹੋ।
ਇਸ ਗੱਲ ਦਾ ਪਤਾ ਲੱਗਦਿਆਂ ਹੀ ਉਸ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ ਅਤੇ ਉਨ੍ਹਾਂ ਕਿਹਾ ਕਿ ਮੈਂ ਕਿਸੇ ਕੋਲੋਂ ਪੈਸੇ ਨਹੀਂ ਮੰਗੇ ਤੇ ਜਦੋਂ ਉਸ ਨੇ ਆਪਣੀ ਫੇਸਬੁਕ ਦੇ ਮੈਸੈਜ ਦੇਖੇ ਤਾਂ ਪਤਾ ਲੱਗਾ ਕਿ ਕਿਸੇ ਹੈਕਰ ਨੇ ਉਸ ਦੀ ਫੇਸਬੁਕ ਆਈ. ਡੀ. ਹੈਕ ਕਰ ਲਈ ਹੈ ਅਤੇ ਉਹ ਮੇਰੇ ਨਾਂ 'ਤੇ ਮੇਰੀ ਉਕਤ ਆਈ. ਡੀ. ਰਾਹੀਂ ਸੁਨੇਹੇ ਲਿਖ ਕੇ ਮਦਦ ਦੇ ਨਾਂ 'ਤੇ ਪੈਸੇ ਮੰਗ ਰਿਹਾ ਹੈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਆਪਣੀ ਫੇਸਬੁਕ ਅਕਾਊਂਟ ਨੂੰ ਬੰਦ ਕਰ ਦਿਤਾ ਤਾਂ ਜੋ ਉਕਤ ਹੈਕਰ ਹੋਰ ਕਿਸੇ ਕੋਲੋਂ ਪੈਸੇ ਨਾ ਮੰਗ ਸਕੇ।
ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਅਜਿਹੇ ਫੇਸਬੁਕ ਜਾਂ ਸੋਸ਼ਲ ਮੀਡੀਆ ਦੇ ਹੋਰ ਪੇਜ ਤੋਂ ਆ ਰਹੇ ਮੈਸੈਜਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਲੁਟ ਨਾ ਲਵੇ। ਸਾਬਕਾ ਸਰਪੰਚ ਦੇ ਇਕ ਦੋਸਤ ਨੇ ਦੱਸਿਆ ਕਿ ਸਾਨੂੰ ਉਸ ਸਮੇ ਫੇਸਬੁਕ ਹੈਕ ਹੋਣ ਦਾ ਸ਼ੱਕ ਹੋਇਆ ਜਦੋਂ ਰਾਤ ਕਰੀਬ ਉਕਤ ਫੇਸਬੁਕ ਤੋਂ ਮੈਸੈਜ ਆਇਆ ਕਿ ਉਨ੍ਹਾਂ ਨੂੰ ਜਲਦ ਜ਼ਰੂਰੀ ਦਸ ਹਜ਼ਾਰ ਰੁਪਏ ਚਾਹੀਦੇ ਹਨ ਜਦੋਂ ਮੈਸੈਜ ਰਾਹੀਂ ਅਸੀਂ ਉਸ ਨੂੰ ਕਿਹਾ ਕਿ ਉਹ ਉਕਤ ਪੈਸੇ ਤੁਹਾਡੇ ਘਰ ਦੇ ਆਉਂਦੇ ਹਾਂ ਤਾਂ ਹੈਕਰ ਨੇ ਸਾਬਕਾ ਸਰਪੰਚ ਦੇ ਨਾਂ 'ਤੇ ਕਿਹਾ ਤੁਸੀਂ ਫੋਨ ਰਾਹੀਂ ਹੀ ਭੇਜ ਦਿਓ, ਜਿਸ ਬਾਰੇ ਅਸੀਂ ਤੁਰੰਤ ਬਲਵਿੰਦਰ ਸਿੰਘ ਨੂੰ ਸੂਚਿਤ ਕੀਤਾ।