ਸਾਬਕਾ ਸੰਸਦ ਮੈਂਬਰ ਕਟਾਰੀਆ ਦੇ ਪਰਿਵਾਰ ਨੂੰ ਬਲੈਕਮੇਲ ਕਰਨ ਦੀ ਸਾਜ਼ਿਸ਼ ਨਾਕਾਮ

Saturday, Aug 25, 2018 - 11:14 AM (IST)

ਅਬੋਹਰ (ਸੁਨੀਲ) – ਅਬੋਹਰ ਵਾਸੀ ਤੇ ਜੈਪੁਰ (ਰਾਜਸਥਾਨ) 'ਚ ਰਹਿ ਰਹੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀਰੇਂਦਰ ਕਟਾਰੀਆ ਦੇ ਪਰਿਵਾਰ ਵਿਰੁੱਧ ਝੂਠਾ ਮਾਮਲਾ ਦਰਜ ਤੇ ਬਲੈਕਮੇਲ ਕਰਨ ਦੇ ਦੋਸ਼ 'ਚ ਕੌਮਾਂਤਰੀ ਗਿਰੋਹ ਦੇ 4 ਮੈਂਬਰਾਂ ਨੂੰ ਜੈਪੁਰ ਪੁਲਸ ਨੇ ਨਵੀਂ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਪਾਰਟੀ ਨੇ ਮੁਲਜ਼ਮਾਂ ਨੂੰ ਪੀੜਤ ਪਰਿਵਾਰ ਤੋਂ ਬਲੈਕਮੇਲਿੰਗ ਦੀ ਰਾਸ਼ੀ ਵਸੂਲ ਕਰਦੇ ਸਮੇ ਰੰਗੇ ਹੱਥੀਂ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ।
ਵਰਣਨਯੋਗ ਹੈ ਕਿ ਵੀਰੇਂਦਰ ਕਟਾਰੀਆ ਦੇ ਹਾਲ ਹੀ 'ਚ ਵਿਆਹੇ ਪੋਤੇ ਸ਼ੌਰਿਆ ਕਟਾਰੀਆ ਦੇ ਵਿਰੁੱਧ ਥਾਣਾ ਅਸ਼ੋਕ ਨਗਰ (ਜੈਪੁਰ) 'ਚ ਲਗਭਗ 15 ਦਿਨ ਪਹਿਲਾਂ ਜਬਰ-ਜ਼ਨਾਹ ਤੇ ਐੱਸ. ਸੀ./ਐੱਸ. ਟੀ. ਐਕਟ ਅਧੀਨ ਮੁਕੱਦਮਾ ਦਰਜ ਹੋਇਆ ਸੀ। ਸ਼ਿਕਾਇਤਕਰਤਾ ਦਾ ਇਲਜ਼ਾਮ ਸੀ ਕਿ ਉਹ ਜਬਰ-ਜ਼ਨਾਹ ਕਾਰਨ ਗਰਭਵਤੀ ਹੋ ਗਈ ਪਰ ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਔਰਤ 8.5 ਮਹੀਨੇ ਤੋਂ ਗਰਭਵਤੀ ਹੈ, ਜਦੋਂ ਕਿ ਉਸ ਨੂੰ ਕਟਾਰੀਆ ਪਰਿਵਾਰ ਦੇ ਘਰ ਕੰਮ ਕਰਦੇ 6 ਮਹੀਨੇ ਹੀ ਹੋਏ ਸਨ।ਕਟਾਰੀਆ ਦੀ ਨੂੰਹ ਮੀਰਾ ਕਟਾਰੀਆ ਨੇ ਦੱਸਿਆ ਕਿ ਨੌਕਰਾਣੀ ਰਖਵਾਉਣ ਵਾਲੀ ਏਜੰਸੀ ਦੀ ਸੰਚਾਲਕਾ ਬਿਮਲਾ ਤੇ ਉਸ ਦੇ ਸਾਥੀ ਸੌਰਭ ਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਸੰਕੇਤ ਮਿਲਿਆ ਕਿ ਕੌਂਮਾਤਰੀ ਗਿਰੋਹ ਦੇ ਮੈਂਬਰ ਘਰੇਲੂ ਨੌਕਰਾਣੀਆਂ ਰਖਵਾ ਕੇ ਸਬੰਧਤ ਪਰਿਵਾਰਾਂ ਨੂੰ ਬਲੈਕ ਮੇਲ ਕਰ ਰਹੇ ਹਨ।
ਮੀਰਾ ਕਟਾਰੀਆ, ਉਨ੍ਹਾਂ ਦੇ ਪਤੀ ਵੀਰੇਨ ਕਟਾਰੀਆ ਤੇ ਵੀਰੇਨ ਦੇ ਮਿੱਤਰ ਦੇਵੇਂਦਰ ਸਿੰਘ ਨੇ ਦਿੱਲੀ ਜਾ ਕੇ ਸੌਰਭ ਦਾਸ ਆਦਿ ਨਾਲ ਉਨ੍ਹਾਂ ਦੇ ਵਕੀਲ ਦੇ ਜ਼ਰੀਏ ਗੱਲ ਕੀਤੀ ਤਾਂ ਮਾਮਲਾ ਨਿਪਟਾਉਣ ਲਈ 50 ਲੱਖ ਰੁਪਏ ਮੰਗੇ ਗਏ। 21 ਅਗਸਤ ਨੂੰ ਮਾਮਲਾ 22 ਲੱਖ ਰੁਪਏ 'ਚ ਤੈਅ ਹੋਇਆ। ਉਸ ਸਮੇਂ ਕਿਹਾ ਗਿਆ ਕਿ 3 ਲੱਖ ਰੁਪਏ 22 ਅਗਸਤ ਨੂੰ ਸਰਿਤਾ ਵਿਹਾਰ ਦਿੱਲੀ 'ਚ ਸਥਿਤ ਅਪੋਲੋ ਹਸਪਤਾਲ ਨੇੜੇ ਉਨ੍ਹਾਂ ਦੇ ਦੱਸੇ ਪਤੇ 'ਤੇ ਨਕਦ ਦਿੱਤੇ ਜਾਣ ਤਾਂ ਰਾਜ਼ੀਨਾਮਾ ਤੇ ਸਬੰਧਤ ਸਹੁੰ ਪੱਤਰ ਲਿਖ ਕੇ ਦੇ ਦੇਵਾਂਗੇ। ਇਸ ਤੋਂ ਬਾਅਦ 19 ਲੱਖ ਰੁਪਏ ਦਾ ਭੁਗਤਾਨ ਮੁਕੱਦਮਾ ਦਰਜ ਕਰਵਾਉਣ ਵਾਲੀ ਨੌਕਰਾਣੀ ਵੱਲੋਂ ਧਾਰਾ-164 ਦੇ ਅਧੀਨ ਬਿਆਨ ਦਰਜ ਕਰਵਾ ਕੇ ਮੁਕੱਦਮਾ ਖਾਰਜ ਹੋਣ 'ਤੇ ਦਿੱਤੇ ਜਾਣਗੇ। ਕਟਾਰੀਆ ਪਰਿਵਾਰ ਨੇ ਸਾਰੀ ਗੱਲਬਾਤ ਅਤੇ ਮੁਲਾਕਾਤ ਦੀ ਵੀਡੀਓ ਰਿਕਾਰਡਿੰਗ ਕਰ ਲਈ, ਜਿਸ ਦੇ ਆਧਾਰ 'ਤੇ ਥਾਣਾ ਅਸ਼ੋਕ ਨਗਰ (ਜੈਪੁਰ) 'ਚ ਮੁਕੱਦਮਾ ਦਰਜ ਕਰ ਕੇ ਮਾਮਲਾ ਸਬ ਇੰਸਪੈਕਟਰ ਕ੍ਰਿਸ਼ਨ ਕੁਮਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। 
ਮੀਰਾ ਕਟਾਰੀਆ ਦੀ ਸ਼ਿਕਾਇਤ 'ਤੇ ਜੈਪੁਰ ਪੁਲਸ ਨੇ ਦਿੱਲੀ 'ਚ ਛਾਪੇਮਾਰੀ ਕਰ ਕੇ 3 ਲੱਖ ਰੁਪਏ ਵਸੂਲ ਕਰਨ ਆਏ ਗਿਰੋਹ ਦੇ 2 ਮੈਂਬਰਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ, ਜਦਕਿ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਦੋ ਹੋਰ ਵਿਅਕਤੀ ਵੀ ਕਾਬੂ ਕਰ ਲਏ ਗਏ ਹਨ।


Related News