ਸਾਬਕਾ ਵਿਧਾਇਕ ਸੁਖਪਾਲ ਨੰਨੂ ''ਤੇ ਨਵ-ਵਿਆਹੁਤਾ ਦੇ ਅਗਵਾ ਦਾ ਪਰਚਾ ਦਰਜ

Tuesday, Apr 30, 2019 - 09:46 AM (IST)

ਸਾਬਕਾ ਵਿਧਾਇਕ ਸੁਖਪਾਲ ਨੰਨੂ ''ਤੇ ਨਵ-ਵਿਆਹੁਤਾ ਦੇ ਅਗਵਾ ਦਾ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ, ਭੁੱਲਰ) – ਨਵ-ਵਿਆਹੁਤਾ ਲਾਪਤਾ ਲੜਕੀ ਨਵਪ੍ਰੀਤ ਕੌਰ ਦੇ ਮਾਮਲੇ 'ਚ ਇਕ ਨਵਾਂ ਮੋੜ ਆ ਗਿਆ ਹੈ। ਥਾਣਾ ਆਰਿਫਕੇ ਦੀ ਪੁਲਸ ਨੇ ਲੜਕੀ ਦੇ ਪਤੀ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਸਾਬਕਾ ਭਾਜਪਾ ਵਿਧਾਇਕ ਤੇ ਸਾਬਕਾ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨੰਨੂ ਨੂੰ ਦਰਜ ਪਰਚੇ 'ਚ ਨਾਮਜ਼ਦ ਕਰਦੇ ਹੋਏ ਫਿਰੋਜ਼ਪੁਰ ਸ਼ਹਿਰ ਸਥਿਤ ਉਸ ਦੀ ਕੋਠੀ 'ਚ ਲੜਕੀ ਦੀ ਬਰਾਮਦਗੀ ਨੂੰ ਲੈ ਕੇ ਛਾਪਾ ਮਾਰਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਮੋਹਿਤ ਧਵਨ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨੰਨੂ ਨੇ ਅਗਵਾ ਕੀਤੀ ਲੜਕੀ ਨੂੰ ਆਪਣੀ ਕੋਠੀ 'ਚ ਲੁਕਾ ਕੇ ਰੱਖਿਆ ਹੋਇਆ ਹੈ। ਸੂਚਨਾ ਦੇ ਆਧਾਰ 'ਤੇ ਉਥੇ ਛਾਪਾ ਮਾਰਿਆ ਗਿਆ ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਨਵਪ੍ਰੀਤ ਦੇ ਪਤੀ ਸਤਨਾਮ ਸਿੰਘ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਨੰਨੂ ਹੀ ਉਸ ਦੀ ਪਤਨੀ ਨੂੰ ਅਗਵਾ ਕਰ ਕੇ ਲੈ ਗਿਆ ਹੈ।

27 ਅਪ੍ਰੈਲ ਨੂੰ ਲਾਪਤਾ ਲੜਕੀ ਨਵਪ੍ਰੀਤ ਕੌਰ ਦੇ ਪਤੀ ਸਤਨਾਮ ਸਿੰਘ ਨੇ ਥਾਣਾ ਆਰਿਫਕੇ ਦੀ ਪੁਲਸ ਨੂੰ ਬਿਆਨ ਦਰਜ ਕਰਵਾ ਕੇ ਦੱਸਿਆ ਸੀ ਕਿ ਉਸ ਦਾ ਵਿਆਹ 6 ਅਪ੍ਰੈਲ ਨੂੰ ਹੋਇਆ ਸੀ। 24 ਅਪ੍ਰੈਲ ਨੂੰ ਉਹ ਕਣਕ ਵੇਚਣ ਲਈ ਫਿਰੋਜ਼ਪੁਰ ਦੀ ਮੰਡੀ ਵਿਚ ਆਇਆ ਹੋਇਆ ਸੀ। ਦੇਰ ਰਾਤ ਜਦ ਉਹ ਘਰ ਪੁੱਜਾ ਤਾਂ ਉਸ ਦੀ ਪਤਨੀ ਘਰੋਂ ਗਾਇਬ ਸੀ। ਉਸ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੀ ਪਤਨੀ ਨੂੰ ਕੋਈ ਅਗਵਾ ਕਰ ਕੇ ਲੈ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸਤਨਾਮ ਸਿੰਘ ਨੇ ਹੁਣ ਬਿਆਨ ਦਿੱਤੇ ਹਨ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਨਵਪ੍ਰੀਤ ਕੌਰ ਨੂੰ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੇ ਹੀ ਅਗਵਾ ਕੀਤਾ ਹੈ। ਇਸ ਸਬੰਧ ਵਿਚ ਜਦ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਮੋਬਾਇਲ ਨੰਬਰ ਸਵਿੱਚ ਆਫ ਸਨ।


author

rajwinder kaur

Content Editor

Related News