ਪਿੰਡ ਮਰਾੜ ਵਿਖੇ ਕੀਤਾ ਗਿਆ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦਾ ਅੰਤਿਮ ਸੰਸਕਾਰ
Sunday, Mar 14, 2021 - 12:37 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੀ 13 ਮਾਰਚ ਨੂੰ ਕੋਰੋਨਾ ਨਾਲ ਮੌਤ ਹੋ ਗਈ ਸੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਰਾੜ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਰਾਜਬਲਵਿੰਦਰ ਸਿੰਘ ਮਰਾੜ ਅਤੇ ਜਸਪਾਲ ਸਿੰਘ ਮਰਾੜ ਨੇ ਦਿੱਤੀ। ਸੁਖਦਰਸ਼ਨ ਸਿੰਘ ਮਰਾੜ ਪੰਜਾਬ ਦੀ ਸਿਆਸਤ ਵਿਚ ਉਸ ਸਮੇਂ ਵੱਖਰੀ ਪਹਿਚਾਣ ਰੱਖਣ ਲੱਗੇ ਜਦ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਹਰਾਇਆ।
ਸੁਖਦਰਸ਼ਨ ਸਿੰਘ ਮਰਾੜ 2002 ’ਚ ਪਹਿਲੀ ਵਾਰ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਚੁਣੇ ਗਏ।ਉਹ ਆਜ਼ਾਦ ਤੌਰ ’ਤੇ ਚੋਣ ਲੜੇ ਅਤੇ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਹਰਚਰਨ ਸਿੰਘ ਬਰਾੜ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਭਾਈ ਹਰਨਿਰਪਾਲ ਸਿੰਘ ਕੁੱਕੂ ਨੂੰ ਹਰਾਇਆ।
ਇਹ ਵੀ ਪੜ੍ਹੋ: ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!
2002 ਵਿਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ’ਚ ਸ਼ਾਮਲ ਹੋ ਗਏ। 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਸ੍ਰੀ ਮੁਕਤਸਰ ਸਾਹਿਬ ਤੋਂ ਚੋਣ ਲੜੀ ਪਰ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੁੱਤਰ ਕੰਵਰਜੀਤ ਸਿੰਘ ਬਰਾੜ ਤੋਂ ਹਾਰ ਗਏ। 2011 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੇ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ। 2012 ਦੀ ਵਿਧਾਨ ਸਭਾ ਚੋਣਾਂ ਦੌਰਾਨ ਉਹ ਚੋਣ ਨਹੀਂ ਲੜੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕੀਤੀ।
ਇਹ ਵੀ ਪੜ੍ਹੋ: ਅੰਮਿ੍ਰਤਸਰ ਦੇ ਸਿਵਿਲ ਹਸਪਤਾਲ ’ਚ ਚੱਲੀਆਂ ਗੋਲੀਆਂ, ਲਹੂ-ਲੁਹਾਣ ਹੋਇਆ ਡਾਕਟਰ
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਫਿਰ ਤੋਂ ਆਜ਼ਾਦ ਚੋਣ ਲੜੀ ਪਰ ਉਹ ਕਾਮਯਾਬ ਨਹੀਂ ਹੋਏ। 2017 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਉਹ ਕਾਂਗਰਸ ਵਿਚ ਹੀ ਕੰਮ ਕਰਦੇ ਨਜ਼ਰ ਆਏ। ਉਨ੍ਹਾਂ ਦਾ ਇਕ ਪੋਤਰਾ ਵੀ ਕਾਂਗਰਸ ਵੱਲੋ ਬਲਾਕ ਸੰਮਤੀ ਮੈਂਬਰ ਹੈ। ਸੁਖਦਰਸ਼ਨ ਸਿੰਘ ਮਰਾੜ ਨਿਧੜਕ ਆਗੂ ਵਜੋਂ ਜਾਣੇ ਜਾਂਦੇ ਰਹੇ ਹਨ।ਅੱਜ ਅੰਤਿਮ ਸੰਸਕਾਰ ਮੌਕੇ ਅਵਤਾਰ ਸਿੰਘ ਜੀਰਾ, ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ, ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ,ਕਰਨ ਕੌਰ ਬਰਾੜ, ਸਾਬਕਾ ਵਿਧਾਇਕ, ਮੇਜਰ ਸੁਖਬੀਰ ਬਰਾੜ ਨਰਿੰਦਰ ਕਾਉਣੀ ਚੇਅਰਮੈਨ, ਜਗਜੀਤ ਸਿੰਘ ਬਰਾੜ ਹਨੀ ਫਤਣਵਾਲਾ, ਅਸ਼ੋਕ ਚੁਘ, ਜਗਦੀਪ ਸਿੰਘ ਕਾਕਾ ਬਰਾੜ, ਸੁਖਮਨਪਰੀਤ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ: ਗਮ ’ਚ ਬਦਲੀਆਂ ਖ਼ੁਸ਼ੀਆਂ, ਵਿਆਹ ਸਮਾਗਮ ਤੋਂ ਵਾਪਸ ਪਰਤੇ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ