ਪੰਜਾਬ ਸਰਕਾਰ ਦਾ ਮਾੜਾ ਵਿੱਤੀ ਹਾਲ ਪਰ ਸਾਬਕਾ ਵਿਧਾਇਕ ਹੋਣਗੇ ਮਾਲੋਮਾਲ

11/01/2019 10:39:10 AM

ਚੰਡੀਗੜ੍ਹ : ਪੰਜਾਬ 'ਚ ਮਾੜੇ ਵਿੱਤੀ ਹਾਲ 'ਚੋਂ ਲੰਘ ਰਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸਾਬਕਾ ਵਿਧਾਇਕ ਨੂੰ ਮਾਲੋਮਾਲ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਉਨ੍ਹਾਂ ਦੀ ਪੈਨਸ਼ਨ 'ਚ 7,000 ਰੁਪਏ ਪ੍ਰਤੀ ਮਹੀਨਾ ਵਾਧਾ ਕਰਨ ਜਾ ਰਹੀ ਹੈ । ਇਸ ਨੂੰ ਲੈ ਕੇ ਸਰਕਾਰ ਨੇ ਪ੍ਰਸਤਾਵ ਤਿਆਰ ਕਰ ਲਿਆ ਹੈ । ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 6 ਨਵੰਬਰ ਨੂੰ ਇਕ ਦਿਨ ਦਾ ਵਿਧਾਨ ਸਭਾ ਸਮਾਗਮ ਬੁਲਾਇਆ ਹੈ, ਜਿਸ 'ਚ ਸਰਕਾਰ ਸਾਬਕਾ ਵਿਧਾਇਕ ਦੀ ਪੈਨਸ਼ਨ 'ਚ ਵਾਧੇ ਨੂੰ ਲੈ ਕੇ ਬਿੱਲ ਲੈ ਕੇ ਆ ਰਹੀ ਹੈ ਅਤੇ ਵਿਧਾਇਕਾਂ ਨੂੰ 550ਵੇ ਪ੍ਰਕਾਸ਼ ਪੁਰਬ 'ਤੇ ਤੋਹਫ਼ਾ ਦਵੇਗੀ । ਪੰਜਾਬ ਅੰਦਰ ਹਰ ਵਿਧਾਇਕ ਜਿੰਨੀ ਵਾਰ ਵਿਧਾਇਕ ਬਣੇਗਾ, ਉਸ ਨੂੰ ਓਨੀ ਵਾਰ ਪੈਨਸ਼ਨ ਮਿਲਦੀ ਹੈ ।
ਇਸ ਨੂੰ ਲੈ ਕੇ ਪ੍ਰਸਤਾਵ ਮੰਤਰੀ ਮੰਡਲ ਦੀ ਬੈਠਕ ਵਿਚ ਲਿਆਂਦਾ ਜਾ ਰਿਹਾ ਹੈ। ਇਸ ਨੂੰ ਕਾਨੂੰਨੀਂ ਸਲਾਹ ਲਈ ਭੇਜਿਆ ਗਿਆ ਸੀ, ਜਿਸ ਬਾਅਦ ਵਿੱਤ ਵਿਭਾਗ ਨੂੰ ਭੇਜਿਆ ਗਿਆ ਹੈ । ਜਿਸ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਿਧਾਨ ਸਭਾ ਦੇ ਅਗਲੇ ਸਮਾਗਮ ਵਿਚ ਪੇਸ਼ ਕੀਤਾ ਜਾਵੇਗਾ । ਪੰਜਾਬ ਸਰਕਾਰ ਨੇ 2016 ਵਿਚ ਇਕ ਵਾਰ ਵਿਧਾਇਕ ਬਣਨ ਵਾਲਿਆਂ ਦੀ ਪੈਨਸ਼ਨ 10000 ਤੋਂ ਵਧਾ ਕੇ 15000 ਕੀਤੀ ਸੀ, ਜਿਸ ਨੂੰ ਹੁਣ 22000 ਰੁਪਏ ਕਰਨ ਦਾ ਪ੍ਰਸਤਾਵ ਹੈ । ਇਕ ਤੋਂ ਜ਼ਿਆਦਾ ਬਾਰ ਬਣੇ ਵਿਧਾਇਕਾਂ ਦੀ ਪੈਨਸ਼ਨ 7500 ਤੋਂ 10000 ਕੀਤੀ ਸੀ, ਜਿਸ ਨੂੰ ਹੁਣ ਵਧਾ ਕੇ 15000 ਰੁਪਏ ਮਹੀਨਾ ਕੀਤਾ ਜਾ ਰਿਹਾ ਹੈ । ਪੰਜਾਬ ਸਰਕਾਰ ਵਲੋਂ ਕਰਮਚਾਰੀਆਂ ਨੂੰ ਅਜੇ ਤੱਕ ਮਹਿੰਗਾਈ ਭੱਤੇ ਦਾ ਬਕਾਇਆ ਨਹੀਂ ਦਿੱਤਾ ਗਿਆ ਹੈ ।

 ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਰਮਚਾਰੀਆ ਨਾਲ ਬੈਠਕ ਕਰਕੇ ਕਿਹਾ ਸੀ ਕੇ ਸਰਕਾਰ ਦੀ ਵਿੱਤੀ ਹਾਲਤ ਕਾਫੀ ਖ਼ਰਾਬ ਹੈ । ਇਸ ਲਈ ਸਰਕਾਰ ਉਨ੍ਹਾਂ ਦੀ ਕਾਫੀ ਮੰਗਾ ਨਹੀਂ ਮਨ ਸਕਦੀ ਹੈ। ਸਰਕਾਰੀ ਖਰਚ ਘੱਟ ਕਰਨ ਲਈ ਮਨਪ੍ਰੀਤ ਬਾਦਲ ਨੇ ਆਪਣੇ ਦਫਤਰ ਵਿਚ ਚਾਹ ਪਾਣੀ 'ਤੇ ਰੋਕ ਲਾ ਰੱਖੀ ਹੈ ਤਾਂ ਜੋਖਜ਼ਾਨੇ ਦਾ ਥੋੜਾ ਬੋਝ ਹਲਕਾ ਹੋ ਸਕੇ, ਪੰਜਾਬ ਦੀ ਵਿੱਤੀ ਹਾਲਤ ਵਿਚ ਸੁਧਾਰ ਆ ਸਕੇ ਪਰ ਸਰਕਾਰ ਦੀ ਵਿੱਤੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ ।
ਸਰਕਾਰ ਦੀ ਆਪਣੇ ਸਾਧਨਾ ਤੋਂ ਆਮਦਨ ਘੱਟ ਹੋ ਰਹੀ ਹੈ । ਪੰਜਾਬ ਤੇ ਕਰਜ਼ਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਪਰ ਵਿਧਾਇਕਾਂ ਤੇ ਸਰਕਾਰ ਮੇਹਰਵਾਨ ਹੋ ਰਹੀ ਹੈ । ਜੰਗਲਾਤ ਵਿਭਾਗ ਦੇ ਕਾਫੀ ਕਰਮਚਾਰੀਆ ਨੂੰ ਕਈ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ ਉਨ੍ਹਾਂ ਦੀ ਦੀਵਾਲੀ ਮੁਸ਼ਕਲ ਨਾਲ ਨਿਕਲੀ ਹੈ । ਕੇਂਦਰ ਤੋਂ ਜੋ ਵਿਭਾਗ ਨੂੰ ਪੈਸੇ ਆਇਆ ਹੈ ਉਹ ਜਾਰੀ ਨਹੀਂ ਕੀਤਾ ਜਾ ਰਿਹਾ । ਸੂਤਰਾਂ ਦਾ ਕਹਿਣਾ ਹੈ ਕੇਂਦਰ ਵਲੋਂ ਪੈਸੇ ਜਾਰੀ ਕਰ ਦਿੱਤਾ ਗਿਆ ਹੈ ਪਰ ਵਿੱਤ ਵਿਭਾਗ ਜਾਰੀ ਨਹੀਂ ਕਰ ਰਿਹਾ ਹੈ । ਮਨਪ੍ਰੀਤ ਬਾਦਲ ਵਲੋਂ ਚਾਹ ਦਾ ਖਰਚ ਬਚਾਉਣ ਦੇ ਬਾਵਜੂਦ ਸਰਕਾਰ ਦੀ ਵਿੱਤੀ ਹਾਲਤ ਵਿਗੜ ਰਹੀ ਹੈ । ਵਿਧਾਇਕਾਂ ਨੇ ਪੈਨਸ਼ਨ ਤੋਂ ਇਲਾਵਾ ਹੋਰ ਵੀ ਭੱਤੇ ਮਿਲਦੇ ਹਨ । ਸਰਕਾਰ ਬੇਸਿਕ ਪੈਨਸ਼ਨ ਵਿਚ ਵਾਧਾ ਕਰਨ ਜਾ ਰਹੀ ਹੈ ।


Babita

Content Editor

Related News