ਸਾਬਕਾ ਐੱਮ. ਸੀ. ਦਾ ਪੁੱਤਰ ਨਜਾਇਜ਼ ਸ਼ਰਾਬ ਸਮੇਤ ਕਾਬੂ

03/02/2022 4:23:37 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਥਾਣਾ ਸਿਟੀ ਪੁਲਸ ਨੇ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਸਾਬਕਾ ਐੱਮ. ਸੀ. ਦੇ ਬੇਟੇ ਨੂੰ ਨਜਾਇਜ਼ ਹਰਿਆਣਾ ਮਾਰਕਾ ਸ਼ਰਾਬ ਸਮੇਤ ਕਾਬੂ ਕੀਤਾ ਹੈ। ਜਿਸ ਖਿਲਾਫ਼ ਥਾਣਾ ਸਿਟੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਦੇ ਏ. ਐੱਸ. ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਿੱਬੀ ਸਾਹਿਬ ਰੋਡ ਸਥਿਤ ਬਿਜਲੀ ਵਾਲੀ ਦੁਕਾਨ ’ਤੇ ਇਕ ਵਿਅਕਤੀ ਕੋਲ ਨਜ਼ਾਇਜ ਸ਼ਰਾਬ ਰੱਖੀ ਹੋਈ ਹੈ ਜੋ ਕਿ ਹਰਿਆਣਾ ਤੋਂ ਲਿਆਂਦੀ ਹੈ। ਇਹ ਸ਼ਰਾਬ ਦੀ ਵਿੱਕਰੀ ਕੀਤੀ ਜਾ ਰਹੀ ਹੈ।

ਇਸ ’ਤੇ ਉਨ੍ਹਾਂ ਨੇ ਆਪਣੀ ਟੀਮ ਏ. ਐੱਸ. ਆਈ. ਜਗਤਾਰ ਸਿੰਘ, ਹੌਲਦਾਰ ਜਸਵਿੰਦਰ ਸਿੰਘ ਤੇ ਸਿਪਾਹੀ ਖੁਸ਼ਦੀਪ ਸਿੰਘ ਸਮੇਤ ਛਾਪਾਮਾਰੀ ਕੀਤੀ ਤਾਂ ਮੌਕੇ ਤੋਂ 180 ਬੋਤਲ ਫਸਟ ਚੁਆਇਸ ਅਤੇ 36 ਬੋਤਲਾਂ ਮਾਲਟਾ ਰਸੀਲਾ ਸ਼ਰਾਬ ਬਰਾਮਦ ਹੋਈਆਂ। ਜੋ ਕਿ ਹਰਿਆਣਾ ਮਾਰਕਾ ਸਨ। ਉਨ੍ਹਾਂ ਨੇ ਮੌਕੇ ’ਤੇ ਸ਼ਰਾਬ ਅਤੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦੋਸ਼ੀ ਦੀ ਪਹਿਚਾਣ ਵਰਿੰਦਰ ਕੁਮਾਰ ਉਰਫ਼ ਕਾਲਾ ਪੁੱਤਰ ਦਲੀਪ ਸਿੰਘ ਵਾਸੀ ਗਲੀ ਨੰਬਰ 4 ਬਾਬਾ ਜੀਵਨ ਸਿੰਘ ਨਗਰ ਟਿੱਬੀ ਸਾਹਿਬ ਰੋਡ ਵਜੋਂ ਹੋਈ ਹੈ। ਜਿਸ ਖਿਲਾਫ਼ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News