ਕੋਰੋਨਾ ਵਾਇਰਸ ਦੇ ਖ਼ਤਰੇ ’ਚ ਸਾਬਕਾ ਕਾਨੂੰਨ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
Monday, May 10, 2021 - 03:57 PM (IST)
ਗੁਰਦਾਸਪੁਰ (ਹਰਮਨ) : ਪੰਜਾਬ ’ਚ ਕੋਰੋਨਾ ਵਾਇਰਸ ਦੇ ਖ਼ਤਰੇ ’ਚ ਲਗਾਤਾਰ ਹੋ ਰਹੇ ਵਾਧੇ ਦੇ ਬਾਵਜੂਦ ਕੇਂਦਰ ਵੱਲੋਂ ਪੰਜਾਬ ਨੂੰ ਵੈਕਸੀਨ ਅਤੇ ਆਕਸੀਜਨ ਦੀ ਸਪਲਾਈ ਕਰਨ ’ਚ ਕੀਤੇ ਜਾ ਰਹੇ ਕਥਿਤ ਵਿਤਕਰੇ ਕਾਰਨ ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਅਤੇ ਗੁਰਦਾਸਪੁਰ ਨਾਲ ਸਬੰਧਤ ਆਲ ਇੰਡੀਆ ਕਾਂਗਰਸ ਦੇ ਸੀਨੀਅਰ ਆਗੂ ਡਾ. ਅਸ਼ਵਨੀ ਕੁਮਾਰ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਅਸ਼ਵਨੀ ਕੁਮਾਰ ਨੇ ਕਿਹਾ ਕਿ ਸੰਘਣੀ ਆਬਾਦੀ ਵਾਲੇ ਪੰਜਾਬ ਦੇ ਲੋਕ ਬਹੁਤ ਤੇਜ਼ੀ ਨਾਲ ਇਸ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ। ਇਸ ਕਾਰਨ ਆਉਣ ਵਾਲੇ ਸਮੇਂ ਵਿਚ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਲਈ ਹਮੇਸ਼ਾ ਢਾਲ ਬਣਦਾ ਰਿਹਾ ਹੈ ਅਤੇ ਇਹ ਸੂਬਾ ਪਹਿਲਾਂ ਹੀ ਅੱਤਵਾਦ ਦੇ ਕਾਲੇ ਦੌਰ ਅਤੇ ਗੁਆਂਢੀ ਮੁਲਕਾਂ ਨਾਲ ਲੱਗੀਆਂ ਲੜਾਈਆਂ ਦਾ ਸੰਤਾਪ ਭੋਗ ਚੁੱਕਾ ਹੈ। ਕੋਰੋਨਾ ਦੀ ਮੌਜੂਦਾ ਸਥਿਤੀ ’ਚ ਸੂਬੇ ਅੰਦਰ 18 ਤੋਂ 44 ਸਾਲ ਉਮਰ ਦੇ ਲੋਕਾਂ ਦੀ ਵੈਕਸੀਨੇਸ਼ਨ ਲਈ 2.6 ਕਰੋੜ ਡੋਜ਼ਾਂ ਦੀ ਲੋੜ ਹੈ, ਜਿਸ ਲਈ ਸੂਬਾ ਸਰਕਾਰ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਆਪਣੀ ਜ਼ਰੂਰਤ ਬਾਰੇ ਦੱਸ ਚੁੱਕੀ ਹੈ।
ਇਹ ਵੀ ਪੜ੍ਹੋ : ਕੈਪਟਨ ਬੇਅਦਬੀ ਕਾਂਡ ਦੀ ਜਾਂਚ ਦੇ ਨਾਂ ’ਤੇ ਲੋਕਾਂ ਨੂੰ ਮੂਰਖ਼ ਬਣਾਉਣਾ ਬੰਦ ਕਰਨ : ਤਰੁਣ ਚੁਘ
ਇਸ ’ਚੋਂ 30 ਲੱਖ ਡੋਜ਼ਾਂ 21 ਮਈ ਤੱਕ ਹੀ ਲੋੜੀਂਦੀਆਂ ਹਨ ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਲੋੜੀਂਦੀ ਮਾਤਰਾ ’ਚ ਵੈਕਸੀਨ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ। 45 ਸਾਲ ਤੋਂ ਉਪਰ ਉਮਰ ਵਾਲੇ ਲੋਕਾਂ ਦੀ ਡਬਲ ਡੋਜ਼ ਵੈਕਸੀਨੇਸ਼ਨ ਲਈ ਪੰਜਾਬ ਸਰਕਾਰ ਨੂੰ 1.6 ਕਰੋੜ ਡੋਜ਼ਾਂ ਦੀ ਜ਼ਰੂਰਤ ਹੈ, ਜਿਸ ’ਚੋਂ ਪੰਜਾਬ ਸਰਕਾਰ ਨੂੰ ਸਿਰਫ਼ 40.50 ਲੱਖ ਡੋਜ਼ਾਂ ਹੀ ਮਿਲੀਆਂ ਹਨ। ਡਾ. ਕੁਮਾਰ ਨੇ ਆਕਸੀਜਨ ਦੀ ਘਾਟ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਅੰਦਰ ਰੋਜ਼ਾਨਾ 280 ਐੱਮ. ਟੀ. ਆਕਸੀਜਨ ਦੀ ਲੋੜ ਹੈ ਪਰ ਪੰਜਾਬ ’ਚ ਸਿਰਫ਼ 150 ਐੱਮ. ਟੀ. ਆਕਸੀਜਨ ਉਪਲਬਧ ਹੈ। ਆਕਸੀਜਨ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪੰਜਾਬ ਕੋਲ ਆਕਸੀਜਨ ਟੈਂਕਰਾਂ ਦੀ ਵੀ ਘਾਟ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਚ ਨਿੱਜੀ ਦਿਲਚਸਪੀ ਲੈ ਕੇ ਪੰਜਾਬ ਸਰਕਾਰ ਵਲੋਂ ਇਸ ਮਹਾਮਾਰੀ ਨਾਲ ਨਜਿੱਠਣ ਲਈ ਮੰਗੀ ਜਾ ਰਹੀ ਮਦਦ ਅਤੇ ਵੈਕਸੀਨ ਦੇ ਇਲਾਵਾ ਆਕਸੀਜਨ ਸਬੰਧੀ ਜ਼ਰੂਰਤਾਂ ਨੂੰ ਬਿਨਾਂ ਦੇਰੀ ਪੂਰਾ ਕਰਨ।
ਇਹ ਵੀ ਪੜ੍ਹੋ : ਸ਼ਹੀਦ ਸਿਪਾਹੀ ਪਰਗਟ ਸਿੰਘ ਦਾ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?