ਚੋਰਾਂ ਨੇ ਸਾਬਕਾ ਵਿੱਤ ਮੰਤਰੀ ਦੀ ਕੋਠੀ ''ਚ ਬੋਲਿਆ ਧਾਵਾ (ਤਸਵੀਰਾਂ)
Wednesday, Jan 15, 2020 - 10:48 AM (IST)
ਸੁਲਤਾਨਪੁਰ ਲੋਧੀ (ਧੀਰ)— ਗੁਰਦੁਆਰਾ ਸ੍ਰੀ ਬੇਰ ਸਾਹਿਬ ਬੱਸ ਸਟੈਂਡ ਰੋਡ 'ਤੇ ਸਥਿਤ ਸਾਬਕਾ ਵਿੱਤ ਮੰਤਰੀ ਉਪਿੰਦਰਜੀਤ ਕੌਰ ਦੀ ਕੋਠੀ 'ਚ ਵਾਰ-ਵਾਰ ਚੋਰੀ ਹੋਣ ਦੀ ਘਟਨਾ ਵੀ ਅਜੇ ਤਕ ਪਹੇਲੀ ਬਣੀ ਹੋਈ ਸੀ ਤਾਂ ਬੀਤੀ ਰਾਤ ਚੋਰਾਂ ਨੇ ਦੋਬਾਰਾ ਕੋਠੀ 'ਚ ਦਾਖਲ ਹੋ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ।
ਇਸ ਸਬੰਧੀ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੂੰ ਦਿੱਤੀ ਲਿਖਤੀ ਦਰਖਾਸਤ 'ਚ ਕੁਲਦੀਪ ਸਿੰਘ ਬੂਲੇ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਪੰਜਾਬ ਨੇ ਦੱਸਿਆ ਕਿ ਬੇਰ ਸਾਹਿਬ ਰੋਡ 'ਤੇ ਸਥਿਤ ਸਾਬਕਾ ਮੰਤਰੀ ਉਪਿੰਦਰਜੀਤ ਕੌਰ ਦੀ ਕੋਠੀ 'ਚੋਂ ਇਕ ਕਮਰਾ ਉਹ ਬਤੌਰ ਦਫਤਰ ਵਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸਵੇਰੇ ਜਦੋਂ ਕੋਠੀ ਦਾ ਬਾਹਰਲਾ ਗੇਟ ਖੋਲ੍ਹਿਆ ਤਾਂ ਵੇਖਿਆ ਕਿ ਕੋਠੀ ਦੇ ਹੋਰ ਦਰਵਾਜ਼ਿਆਂ ਨੂੰ ਲੱਗੇ ਸਾਰੇ ਤਾਲੇ ਟੁੱਟੇ ਹੋਏ ਹਨ ਅਤੇ ਬਾਥਰੂਮਾਂ, ਅਲਮਾਰੀਆਂ ਨੂੰ ਵੀ ਤੋੜ ਕੇ ਚੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ। ਇਹ ਤਾਲੇ ਕੋਈ ਪਹਿਲੀ ਵਾਰ ਨਹੀਂ ਟੁੱਟੇ, ਸਗੋਂ ਪਹਿਲਾਂ ਵੀ ਕਈ ਵਾਰ ਟੁੱਟ ਚੁੱਕੇ ਹਨ, ਜਿਸ ਨੂੰ ਹੱਲ ਕਰਨ 'ਚ ਪੁਲਸ ਹਾਲੇ ਤਕ ਫੇਲ ਸਾਬਤ ਹੋਈ ਹੈ ਅਤੇ ਅਜੇ ਇਕ ਵੀ ਚੋਰ ਦੀ ਗ੍ਰਿਫਤਾਰੀ ਸੰਭਵ ਨਹੀਂ ਹੋ ਸਕੀ ਹੈ।
ਉਨ੍ਹਾਂ ਡੀ. ਐੱਸ. ਪੀ. ਤੋਂ ਮੰਗ ਕੀਤੀ ਕਿ ਵਾਰ-ਵਾਰ ਕੋਠੀ 'ਚ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਰੋਕ ਕੇ ਚੋਰ ਦੀ ਭਾਲ ਕਰ ਕੇ ਸਖਤ ਸਜ਼ਾ ਦਿੱਤੀ ਜਾਵੇ। ਡੀ. ਐੱਸ. ਪੀ. ਸਵਰਨ ਸਿੰਘ ਬੱਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਐੱਸ. ਐੱਚ. ਓ. ਸਰਬਜੀਤ ਸਿੰਘ ਨੂੰ ਕਹਿ ਦਿੱਤਾ ਗਿਆ ਹੈ, ਜਿਸ 'ਤੇ ਏ. ਐੱਸ. ਆਈ. ਅਮਰਜੀਤ ਸਿੰਘ 'ਤੇ ਪੀ. ਸੀ. ਆਰ. ਦਸਤੇ ਨੇ ਮੌਕੇ 'ਤੇ ਜਾ ਕੇ ਛਾਣਬੀਨ ਕੀਤੀ ਹੈ, ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ।