ਪੰਜਾਬ ਪੁਲਸ ਦੀ ਸਾਬਕਾ ਡੀ. ਐੱਸ. ਪੀ. ਰਾਕਾ ਗੇਰਾ ਨੂੰ 6 ਸਾਲ ਦੀ ਸਜ਼ਾ

Wednesday, Feb 07, 2024 - 07:02 PM (IST)

ਪੰਜਾਬ ਪੁਲਸ ਦੀ ਸਾਬਕਾ ਡੀ. ਐੱਸ. ਪੀ. ਰਾਕਾ ਗੇਰਾ ਨੂੰ 6 ਸਾਲ ਦੀ ਸਜ਼ਾ

ਚੰਡੀਗੜ੍ਹ (ਪ੍ਰੀਕਸ਼ਿਤ) : ਪੰਜਾਬ ਪੁਲਸ ਦੀ ਸਾਬਕਾ ਡੀ. ਐੱਸ. ਪੀ. ਰਾਕਾ ਗੇਰਾ ਨੂੰ ਇਕ ਲੱਖ ਰੁਪਏ ਦੇ ਚਰਚਿਤ ਰਿਸ਼ਵਤਕਾਂਡ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਕਰਾਰ ਦੇਣ ਤੋਂ ਬਾਅਦ 6 ਸਾਲ ਦੀ ਸਜ਼ਾ ’ਤੇ ਦੋ ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਸੋਮਵਾਰ ਨੂੰ ਇਸ ਮਾਮਲੇ ’ਚ ਹੋਈ ਸੁਣਵਾਈ ਤੋਂ ਬਾਅਦ ਸਾਬਕਾ ਡੀ. ਐੱਸ. ਪੀ. ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਦੇ ਦੋਸ਼ਾਂ ਦੇ ਸਹੀ ਸਾਬਤ ਹੋਣ ’ਤੇ ਉਸਨੂੰ ਮੁਲਜ਼ਮ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਅਦਾਲਤ ਪਹੁੰਚੀ ਸਾਬਕਾ ਡੀ. ਐੱਸ. ਪੀ. ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਅੱਜ ਅਦਾਲਤ ਨੇ ਇਸ ਮਾਮਲੇ ’ਤੇ ਦੋਸ਼ੀ ਰਾਕਾ ਗੇਰਾ ਨੂੰ ਸਜ਼ਾ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ : ਬੀਅਰ ਪੀਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਲੱਗ ਸਕਦਾ ਹੈ ਵੱਡਾ ਝਟਕਾ

ਕੀ ਹੈ ਮਾਮਲਾ

2011 ਵਿਚ ਦਰਜ ਮਾਮਲੇ ਤਹਿਤ ਮੁੱਲਾਂਪੁਰ ਦੇ ਇਕ ਬਿਲਡਰ ਨੇ ਉਸ ’ਤੇ ਰਿਸ਼ਵਤ ਲੈਣ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਸੀ. ਬੀ. ਆਈ. ਨੇ ਟ੍ਰੈਪ ਲਾ ਕੇ ਮੁਲਜ਼ਮ ਕਰਾਰ ਦਿੱਤੀ ਗਈ ਰਾਕਾ ਗੇਰਾ ਨੂੰ ਭ੍ਰਿਸ਼ਟਾਚਾਰ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਹੀ ਉਸਦੇ ਖ਼ਿਲਾਫ ਇਹ ਕੇਸ ਚੰਡੀਗੜ੍ਹ ਦੀ ਅਦਾਲਤ ਵਿਚ ਚੱਲ ਰਿਹਾ ਸੀ। ਹਾਲਾਂਕਿ ਲਗਭਗ 5 ਸਾਲ ਤਕ ਇਸ ਕੇਸ ਦੇ ਟ੍ਰਾਇਲ ’ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਰੋਕ ਲਾ ਦਿੱਤੀ ਸੀ ਪਰ ਅਗਸਤ 2023 ਵਿਚ ਰੋਕ ਹਟਾ ਦਿੱਤੀ ਗਈ ਅਤੇ ਫਿਰ ਲਗਾਤਾਰ ਇਸ ਕੇਸ ਦਾ ਮੁਕੱਦਮਾ ਚੱਲਦਾ ਰਿਹਾ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਧਿਆਨ ਦੇਣ, ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਕਰ ’ਤਾ ਵੱਡਾ ਐਲਾਨ

ਫੁਟੇਜ ਤੇ ਟ੍ਰਾਂਸਕ੍ਰਿਪਟ ਸਾਬਤ ਕਰ ਰਹੇ ਰਿਸ਼ਵਤਖੋਰੀ ਦੀ ਕਹਾਣੀ

13 ਸਾਲ ਪਹਿਲਾਂ ਸੀ. ਬੀ. ਆਈ. ਚੰਡੀਗੜ੍ਹ ਨੇ ਉਸਨੂੰ ਸੈਕਟਰ-15 ਸਥਿਤ ਕੋਠੀ ਤੋਂ ਗ੍ਰਿਫ਼ਤਾਰ ਕੀਤਾ ਸੀ ਪਰ ਇਸ ਮਾਮਲੇ ਦੀ ਸੁਣਵਾਈ ਦੌਰਾਨ ਰਾਕਾ ਗੇਰਾ ਖ਼ਿਲਾਫ਼ ਸ਼ਿਕਾਇਤ ਦੇਣ ਵਾਲਾ ਬਿਲਡਰ ਅਦਾਲਤ ਵਿਚ ਬਿਆਨਾਂ ਤੋਂ ਮੁੱਕਰ ਗਿਆ। ਅਦਾਲਤ ਵਿਚ ਹੋਈ ਬਹਿਸ ਦੌਰਾਨ ਸੀ. ਬੀ. ਆਈ. ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਕਿਹਾ ਕਿ ਜਾਂਚ ਏਜੰਸੀ ਕੋਲ ਰਾਕਾ ਗੇਰਾ ਖ਼ਿਲਾਫ਼ ਕਾਫ਼ੀ ਸਬੂਤ ਹਨ। ਸੀ. ਬੀ. ਆਈ. ਕੋਲ ਮੁਲਜ਼ਮ ਰਾਕਾ ਗੇਰਾ ਵਲੋਂ ਰਿਸ਼ਵਤ ਮੰਗਣ ਸਬੰਧੀ ਸ਼ਿਕਾਇਤਕਰਤਾ ਨਾਲ ਕੀਤੀ ਗਈ ਗੱਲਬਾਤ ਦੀ ਟ੍ਰਾਂਸਕ੍ਰਿਪਟ ਅਤੇ ਫੁਟੇਜ ਵੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਰਿਸ਼ਵਤ ਮੰਗੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਆਂਗਣਵਾੜੀ ਸੈਂਟਰਾਂ ਨੂੰ ਲੈ ਕੇ ਆਈ ਅਹਿਮ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਉੱਠੀ ਮੰਗ

ਡੀ. ਐੱਸ. ਪੀ. ਦੇ ਘਰੋਂ ਮਿਲੇ ਸੀ ਹਥਿਆਰ

ਮੋਹਾਲੀ ਦੇ ਮੁੱਲਾਂਪੁਰ ਵਾਸੀ ਬਿਲਡਰ ਕੇ. ਕੇ. ਮਲਹੋਤਰਾ ਦੀ ਸ਼ਿਕਾਇਤ ’ਤੇ ਸੀ. ਬੀ. ਆਈ. ਨੇ 25 ਜੁਲਾਈ 2011 ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰਾਕਾ ਗੇਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਸੀ. ਬੀ. ਆਈ. ਨੇ ਰਾਕਾ ਗੇਰਾ ਦੀ ਸੈਕਟਰ-15 ਸਥਿਤ ਘਰ ’ਤੇ ਵੀ ਰੇਡ ਕੀਤੀ ਸੀ। ਸੀ. ਬੀ. ਆਈ. ਨੇ ਉਸ ਦੇ ਘਰੋਂ ਭਾਰੀ ਮਾਤਰਾ ਵਿਚ ਨਕਦੀ, ਸ਼ਰਾਬ ਦੀਆਂ 53 ਬੋਤਲਾਂ ਤੋਂ ਇਲਾਵਾ ਤਲਾਸ਼ੀ ਦੌਰਾਨ ਏ. ਕੇ.-47 ਦੇ ਕਾਰਤੂਸ, 32 ਬੋਰ ਦਾ ਜਰਮਨ ਮੇਡ ਰਿਵਾਲਵਰ, ਇਕ ਡਬਲ ਬੈਰਲ ਗੰਨ ਅਤੇ ਵੱਡੀ ਗਿਣਤੀ ਵਿਚ ਹਥਿਆਰ ਤੇ ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕੀਤਾ ਸੀ। ਉਦੋਂ ਰਾਕਾ ਗੇਰਾ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ-11 ਥਾਣੇ ਵਿਚ ਆਰਮਜ਼ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਪੁਲਸ ਵਲੋਂ ਆਰਮਜ਼ ਐਕਟ ਤਹਿਤ ਦਰਜ ਕੀਤੇ ਇਸ ਕੇਸ ਵਿਚ ਰਾਕਾ ਗੇਰਾ ਨੂੰ 2017 ਵਿਚ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਇਕ ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਉਸ ਨੇ ਸਜ਼ਾ ਖ਼ਿਲਾਫ ਸੈਸ਼ਨ ਕੋਰਟ ਵਿਚ ਅਪੀਲ ਦਾਇਰ ਕੀਤੀ ਸੀ, ਜਿਸ ’ਤੇ ਸੁਣਵਾਈ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ 2019 ਵਿਚ ਉਸ ਨੂੰ ਦੋਸ਼ਮੁਕਤ ਕਰਾਰ ਦਿੰਦਿਆਂ ਬਰੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News