ਸਾਬਕਾ DGP ਸੈਣੀ ਦੀ ਜ਼ਮਾਨਤ ਮੰਗ ’ਤੇ ਫੈਸਲਾ ਅੱਜ, ਨਾਮੀ ਵਕੀਲ ਦਾ ਕੇਸ ਲੜਨ ਤੋਂ ਇਨਕਾਰ

Saturday, May 09, 2020 - 08:28 PM (IST)

ਸਾਬਕਾ DGP ਸੈਣੀ ਦੀ ਜ਼ਮਾਨਤ ਮੰਗ ’ਤੇ ਫੈਸਲਾ ਅੱਜ, ਨਾਮੀ ਵਕੀਲ ਦਾ ਕੇਸ ਲੜਨ ਤੋਂ ਇਨਕਾਰ

ਮੋਹਾਲੀ (ਰਾਣਾ) : 29 ਸਾਲ ਪੁਰਾਣੇ ਆਈ. ਏ. ਐੱਸ. ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੀ ਕਿਡਨੈਪਿੰਗ ਮਾਮਲੇ 'ਚ ਮੋਹਾਲੀ ਦੇ ਮਟੌਰ ਥਾਣੇ 'ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਸਮੇਤ ਚੰਡੀਗੜ੍ਹ ਪੁਲਸ ਦੇ ਮੌਜੂਦਾ 8 ਪੁਲਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਣ ਲਈ ਸਾਬਕਾ ਡੀ. ਜੀ. ਪੀ. ਸੈਣੀ ਵਲੋਂ ਸ਼ੁੱਕਰਵਾਰ ਨੂੰ ਮੋਹਾਲੀ ਕੋਰਟ 'ਚ ਜ਼ਮਾਨਤ ਅਰਜ਼ੀ ਦਰਜ ਕੀਤੀ ਗਈ ਪਰ ਕੋਰਟ ਵਲੋਂ ਮਾਮਲੇ 'ਚ ਤੁਰੰਤ ਫੈਸਲਾ ਨਾ ਸੁਣਾਉਂਦੇ ਹੋਏ ਇਸ ਫੈਸਲੇ ਨੂੰ 9 ਮਈ ਤੱਕ ਸੁਰੱਖਿਅਤ ਰੱਖ ਦਿੱਤਾ ਗਿਆ ਹੈ। ਨਾਲ ਹੀ ਕੋਰਟ ਵਲੋਂ ਮੋਹਾਲੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਸਾਬਕਾ ਡੀ. ਜੀ. ਪੀ. ਸੈਣੀ ਸਮੇਤ ਚੰਡੀਗੜ੍ਹ ਦੇ ਮੌਜੂਦਾ ਡੀ. ਐੱਸ. ਪੀ. ਬਦਲੇਵ ਸਿੰਘ ਸੈਣੀ, ਸਬ-ਇੰਸਪੈਕਟਰ ਸਤਬੀਰ ਸਿੰਘ, ਇੰਸਪੈਕਟਰ ਹਰਰਾਏ ਸ਼ਰਮਾ, ਸਬ-ਇੰਸਪੈਕਟਰ ਜਗੀਰ ਸਿੰਘ, ਸਬ ਇੰਸਪੈਕਟਰ ਅਨੂਪ ਸਿੰਘ, ਸਬ-ਇੰਸਪੈਕਟਰ ਕੁਲਦੀਪ ਸਿੰਘ ਅਤੇ ਇਕ ਅਣਪਛਾਤੇ ਦਾ ਨਾਂ ਸ਼ਾਮਲ ਹੈ । ਉਥੇ ਹੀ ਇਸ ਕੇਸ 'ਚ ਇਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀ ਹੈ, ਜਦਕਿ ਜਿਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਗ੍ਰਿਫਤਾਰੀ ਬਣਦੀ ਹੈ ।

ਇਹ ਵੀ ਪੜ੍ਹੋ : ਲੁਧਿਆਣਾ ਤੇ ਹੁਸ਼ਿਆਰਪੁਰ 'ਚ ਰੈਸਟੋਰੈਂਟ, ਹਲਵਾਈ ਤੇ ਬੇਕਰੀ ਦੀਆਂ ਦੁਕਾਨਾਂ ਕਰ ਸਕਣਗੀਆਂ ਹੋਮ ਡਿਲੀਵਰੀ
ਉਸ ਸਮੇਂ ਚੰਡੀਗੜ੍ਹ ਐੱਸ. ਐੱਸ. ਪੀ. ਦੇ ਅਹੁਦੇ ਉੱਤੇ ਸਨ ਸੈਣੀ 
ਸਾਲ 1991 'ਚ ਜਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ 'ਚ ਐੱਸ. ਐੱਸ. ਪੀ. ਦੇ ਅਹੁਦੇ 'ਤੇ ਤਾਇਨਾਤ ਸਨ, ਉਸ ਦੌਰਾਨ ਸੈਣੀ 'ਤੇ ਇਕ ਅੱਤਵਾਦੀ ਹਮਲਾ ਹੋਇਆ ਸੀ। ਹਮਲੇ 'ਚ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਚਾਰ ਲੋਕ ਮਾਰੇ ਗਏ ਸਨ। ਇਸ ਦੌਰਾਨ ਬਲਵੰਤ ਸਿੰਘ ਮੁਲਤਾਨੀ ਨੂੰ ਚੰਡੀਗੜ੍ਹ 'ਚ ਪੁਲਸ ਦੇ ਦੋ ਅਧਿਕਾਰੀਆਂ ਨੇ ਚੁੱਕਿਆ ਸੀ। ਫਿਰ ਮੁਲਤਾਨੀ ਦੇ ਅਗਵਾ ਕੀਤੇ ਜਾਣ ਦੀ ਸ਼ਿਕਾਇਤ ਉਨ੍ਹਾਂ ਦੇ ਭਰਾ ਪਲਵਿੰਦਰ ਸਿੰਘ ਨੇ ਦਰਜ ਕਰਵਾਈ ਸੀ। ਇਸ ਮਾਮਲੇ 'ਚ ਸੀ. ਬੀ. ਆਈ. ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਨਿਰਦੇਸ਼ 'ਤੇ ਸੈਣੀ ਦੇ ਵਿਰੁੱਧ 2007 'ਚ ਕਾਰਵਾਈ ਸ਼ੁਰੂ ਕੀਤੀ ਸੀ ਪਰ ਬਾਅਦ 'ਚ ਇਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਸਾਲ 2014 'ਚ ਉਨ੍ਹਾਂ ਦੇ ਹੱਥ ਕਈ ਅਜਿਹੇ ਸਬੂਤ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਨੇ ਦੁਬਾਰਾ ਆਪਣਾ ਸੰਘਰਸ਼ ਸ਼ੁਰੂ ਕੀਤਾ ।

ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਲੱਖਾਂ 'ਚ ਪਵੇਗੀ ਘਰ ਵਾਪਸੀ
ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਸੁਮੇਧ ਸੈਣੀ ਦਾ ਕੇਸ ਲੜਨੋਂ ਕੀਤੀ ਨਾਂਹ
ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਅਤੇ ਨਾਮੀ ਵਕੀਲ ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦਾ ਕੇਸ ਲੜਨ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖਿਲਾਫ ਹੋਏ ਪਰਚੇ ਤੋਂ ਬਾਅਦ ਸੁਮੇਧ ਸੈਣੀ ਇਕ ਵਕੀਲ ਹੋਣ ਦੇ ਨਾਤੇ ਮੇਰੇ ਕੋਲ ਪੁੱਜੇ ਸਨ ਅਤੇ ਮੈਨੂੰ ਉਨ੍ਹਾਂ ਨੇ ਆਪਣਾ ਕੇਸ ਲੜਨ ਲਈ ਆਖਿਆ। ਵਕਾਲਤ ਮੇਰਾ ਪੇਸ਼ਾ ਹੋਣ ਕਰਕੇ ਮੈਂ ਇਹ ਕੇਸ ਲੜਨ ਨੂੰ ਤਿਆਰ ਹੋ ਗਿਆ ਪਰ ਅੱਜ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਸੋਸ਼ਲ ਮੀਡੀਆ ’ਤੇ ਕੁਝ ਸਿੱਖ ਵੀਰਾਂ ਅਤੇ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਮੈਂ ਇਹ ਕੇਸ ਲੜਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ ਅਤੇ ਆਪਣੇ ਆਪ ਨੂੰ ਇਸ ਕੇਸ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ। ਇਸ ਕੇਸ ਬਾਬਤ ਸਾਰੇ ਦਸਤਾਵੇਜ਼ ਮੈਂ ਸੁਮੇਧ ਸੈਣੀ ਨੂੰ ਵਾਪਸ ਭੇਜ ਦਿੱਤੇ ਹਨ।
ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਕਿਹਾ ਕਿ ਮੈਨੂੰ ਸਿੱਖ ਕੌਮ ਨੇ ਬਹੁਤ ਮਾਣ ਦਿੱਤਾ ਹੈ। ਮੈਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਹੋਣ ਦੀ ਸੇਵਾ ਵੀ ਮਿਲੀ ਹੈ, ਜੋ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਇਹ ਸੇਵਾ ਬਿਨ੍ਹਾਂ ਤਨਖਾਹ, ਭੱਤੇ, ਗੱਡੀਆਂ ਅਤੇ ਪੈਟਰੋਲ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਸਹੂਲਤ ਲੈਣ ਤੋਂ ਨਿਸਵਾਰਥ ਹੋ ਕੇ ਕਰ ਰਿਹਾ ਹਾਂ। ਮੇਰੇ ਲਈ ਸਿੱਖ ਧਰਮ ਤੇ ਸਿੱਖ ਕੌਮ ਸਭ ਤੋਂ ਪਹਿਲਾਂ ਹੈ, ਜਦੋਂ ਕਿ ਵਕਾਲਤ ਪੇਸ਼ਾ ਬਾਅਦ ’ਚ । ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕਰਕੇ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਮੈਂ ਦਿਲੋਂ ਮੁਆਫੀ ਮੰਗਦਾ ਹਾਂ।

 


author

Babita

Content Editor

Related News