ਕੇ. ਜੇ. ਸਿੰਘ ਦੇ ਭੋਗ ''ਤੇ ਪੁਲਸ ਵਾਲਿਆਂ ''ਤੇ ਵਰ੍ਹੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ
Friday, Sep 29, 2017 - 08:23 AM (IST)
ਮੋਹਾਲੀ (ਰਾਣਾ) - ਵੀਰਵਾਰ ਨੂੰ 3ਬੀ2 ਦੇ ਗੁਰਦੁਆਰਾ ਸਾਹਿਬ ਵਿਚ ਪੱਤਰਕਾਰ ਕੇ. ਜੇ. ਸਿੰਘ ਤੇ ਉਸ ਦੀ ਮਾਤਾ ਗੁਰਚਰਨ ਕੌਰ ਦਾ ਭੋਗ ਸੀ। ਇਸ ਦੌਰਾਨ ਉਥੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਵੀਰਦਵਿੰਦਰ ਸਿੰਘ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਰਸਮ ਪਗੜੀ ਤੋਂ ਬਾਅਦ ਪੁਲਸ ਵਿਭਾਗ ਨੂੰ ਹੀ ਡਬਲ ਮਰਡਰ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇਕਰ ਪੁਲਸ ਸਹੀ ਤਰੀਕੇ ਨਾਲ ਆਪਣੀ ਡਿਊਟੀ ਕਰਦੀ ਤਾਂ ਕਾਤਲ ਸਲਾਖਾਂ ਦੇ ਪਿੱਛੇ ਹੁੰਦੇ। ਉਥੇ ਹੀ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਵਲੋਂ ਬਣਾਈ ਗਈ ਐੱਸ. ਆਈ. ਟੀ. ਦੇ ਹੱਥ ਵਿਚ ਕੇਸ ਨਾਲ ਜੁੜਿਆ ਕੋਈ ਠੋਸ ਸਬੂਤ ਨਜ਼ਰ ਨਹੀਂ ਆ ਰਿਹਾ ਹੈ।
ਮੋਬਾਇਨ ਫ਼ੋਨ 'ਤੇ ਦੇਖਦੇ ਹਨ ਅਸ਼ਲੀਲ ਫ਼ਿਲਮਾਂ : ਡਿਪਟੀ ਸਪੀਕਰ
ਕੇ. ਜੇ. ਸਿੰਘ ਤੇ ਉਸ ਦੀ ਮਾਤਾ ਦੇ ਭੋਗ ਦੀ ਰਸਮ ਪਗੜੀ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਡਬਲ ਮਰਡਰ ਕੇਸ ਦੇ ਬਾਰੇ ਕਿਹਾ ਕਿ ਜਿਸ ਸਮੇਂ ਕੇ. ਜੇ. ਸਿੰਘ ਤੇ ਉਨ੍ਹਾਂ ਦੀ ਮਾਤਾ ਦੀ ਹੱਤਿਆ ਹੋਈ ਸੀ ਤਾਂ ਉਸ ਸਮੇਂ ਪੁਲਸ ਗਸ਼ਤ ਕਿੱਥੇ ਸੀ ਤੇ ਪੁਲਸ ਮੁਲਾਜ਼ਮਾਂ ਦੇ ਹੱਥ ਵਿਚ ਹਰ ਸਮੇਂ ਮੋਬਾਇਲ ਫ਼ੋਨ ਰਹਿੰਦਾ ਹੀ ਹੈ। ਉਹ ਡਿਊਟੀ ਕਰਦੇ ਸਮੇਂ ਮੋਬਾਇਲ 'ਤੇ ਅਸ਼ਲੀਲ ਫ਼ਿਲਮਾਂ ਦੇਖ ਰਹੇ ਹੁੰਦੇ ਹਨ। ਜੇਕਰ ਹੱਤਿਆ ਦੀ ਰਾਤ ਪੁਲਸ ਸਹੀ ਤਰੀਕੇ ਨਾਲ ਕੰਮ ਕਰਦੀ ਤਾਂ ਹੱਤਿਆਰੇ ਪੁਲਸ ਦੀ ਗ੍ਰਿਫ਼ਤ 'ਚ ਹੁੰਦੇ। ਸਾਬਕਾ ਡਿਪਟੀ ਸਪੀਕਰ ਇਥੇ ਹੀ ਨਹੀਂ ਰੁਕੇ, ਉਨ੍ਹਾਂ ਅੱਗੇ ਕਿਹਾ ਕਿ ਜਦ ਪੁਲਸ ਵਿਭਾਗ ਨੂੰ ਵਾਇਰਲੈੱਸ ਸੈੱਟ ਦਿੱਤੇ ਹੋਏ ਹਨ ਤਾਂ ਮੋਬਾਇਲ ਫ਼ੋਨ ਦੀ ਕੀ ਲੋੜ ਹੈ? ਡਿਊਟੀ ਸਮੇਂ ਮੋਬਾਇਲ ਫ਼ੋਨ ਬੰਦ ਕਰਨੇ ਚਾਹੀਦੇ ਹਨ। ਨਾਲ ਹੀ ਜੋ ਵੀ ਗੱਲਬਾਤ ਕਰਨੀ ਹੈ, ਉਹ ਵਾਇਰਲੈੱਸ ਸੈੱਟ ਦੇ ਰਾਹੀਂ ਕੀਤੀ ਜਾਣੀ ਚਾਹੀਦੀ ਹੈ।
ਐੱਸ. ਐੱਸ. ਪੀ. ਤੇ ਐੱਸ. ਪੀ. ਨੂੰ ਕਰਨੀ ਚਾਹੀਦੀ ਹੈ ਰਾਤ ਨੂੰ ਗਸ਼ਤ
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਸ਼ਹਿਰ ਵਿਚ ਰਾਤ ਦੇ ਸਮੇਂ ਕਈ ਵਾਰਦਾਤਾਂ ਘਟ ਚੁੱਕੀਆਂ ਹਨ। ਇਸ ਲਈ ਰਾਤ ਦੇ ਸਮੇਂ ਐੱਸ. ਐੱਸ. ਪੀ. ਤੇ ਐੱਸ. ਪੀ. ਦੋਵਾਂ ਨੂੰ ਗਸ਼ਤ ਕਰਦੇ ਰਹਿਣਾ ਚਾਹੀਦਾ ਹੈ ਤੇ ਦੇਖਣਾ ਚਾਹੀਦਾ ਹੈ ਕਿ ਮੁਲਾਜ਼ਮ ਠੀਕ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ, ਤਾਂ ਹੀ ਸ਼ਹਿਰ ਵਿਚ ਹੋ ਰਹੀਆਂ ਵਾਰਦਾਤਾਂ ਘੱਟ ਹੋ ਸਕਦੀਆਂ ਹਨ।
ਕੀ ਐੱਸ. ਆਈ. ਟੀ. ਸਿਰਫ਼ ਨਾਂ ਲਈ ਬਣਾਈ ਗਈ ਹੈ?
ਜਾਣਕਾਰੀ ਅਨੁਸਾਰ ਏਕਮ ਮਰਡਰ ਕੇਸ ਵਿਚ ਵੀ ਐੱਸ. ਆਈ. ਟੀ. ਬਣਾਈ ਗਈ ਸੀ ਪਰ ਉਸ ਵਿਚ ਵੀ ਪੁਲਸ ਸਿਰਫ਼ ਏਕਮ ਦੀ ਪਤਨੀ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਤੋਂ ਸਬੂਤ ਜੁਟਾਉਣ ਵਿਚ ਫੇਲ ਨਜ਼ਰ ਆਈ ਸੀ ਤੇ ਹੁਣ ਇਸ ਡਬਲ ਮਰਡਰ ਕੇਸ ਵਿਚ ਵੀ ਆਈ. ਜੀ. ਕ੍ਰਾਈਮ ਦੀ ਅਗਵਾਈ ਵਿਚ ਇਕ ਐੱਸ. ਆਈ. ਟੀ. ਬਣਾਈ ਗਈ ਹੈ ਪਰ ਮਾਮਲੇ ਨੂੰ ਛੇ ਦਿਨ ਬੀਤ ਚੁੱਕੇ ਹਨ ਪਰ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ। ਇਸ ਤੋਂ ਲੱਗਦਾ ਹੈ ਕਿ ਐੱਸ. ਆਈ. ਟੀ. ਸਿਰਫ਼ ਦਿਖਾਵੇ ਲਈ ਬਣਾਈ ਗਈ ਹੈ।
ਮਹਿਲਾ ਤੇ ਇਕ ਵਿਅਕਤੀ 'ਤੇ ਸ਼ੱਕ
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁਲਸ ਜਾਂਚ ਇਕ ਮਹਿਲਾ ਤੇ ਵਿਅਕਤੀ 'ਤੇ ਟਿਕੀ ਹੋਈ ਹੈ ਪਰ ਪੁਲਸ ਦੇ ਹੱਥ ਉਨ੍ਹਾਂ ਦੇ ਖਿਲਾਫ਼ ਕੋਈ ਠੋਸ ਸਬੂਤ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਕਤਰਾ ਰਹੀ ਹੈ। ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕੇ. ਜੇ. ਸਿੰਘ ਦੇ ਮੋਬਾਇਲ ਫੋਨ ਵਿਚੋਂ ਵੀ ਪੁਲਸ ਨੂੰ ਕਾਫ਼ੀ ਸਬੂਤ ਮਿਲੇ ਸਨ। ਇਹ ਦੋਵੇਂ ਵੀ ਕੇ. ਜੇ. ਸਿੰਘ ਦੇ ਕਾਫ਼ੀ ਕਰੀਬ ਸਨ।
