ਟਰੱਕ ਯੂਨੀਅਨਾਂ ਅਤੇ ਡੀ. ਟੀ. ਓ. ਦਫ਼ਤਰ ਖਤਮ ਕਰਨੇ ਅਕਲ ਦਾ ਕੰਮ ਨਹੀਂ : ਬੀਰ ਦਵਿੰਦਰ

Sunday, Jul 02, 2017 - 01:47 PM (IST)

ਟਰੱਕ ਯੂਨੀਅਨਾਂ ਅਤੇ ਡੀ. ਟੀ. ਓ. ਦਫ਼ਤਰ ਖਤਮ ਕਰਨੇ ਅਕਲ ਦਾ ਕੰਮ ਨਹੀਂ : ਬੀਰ ਦਵਿੰਦਰ

ਪਟਿਆਲਾ (ਰਾਜੇਸ਼)-ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਟਰੱਕ ਯੂਨੀਅਨਾਂ ਅਤੇ ਡੀ. ਟੀ. ਓ. ਦਫ਼ਤਰ ਖਤਮ ਕਰਕੇ ਲੋਕਾਂ ਲਈ ਸਮੱਸਿਆ ਪੈਦਾ ਕੀਤੀ ਜਾ ਰਹੀ ਹੈ। ਉੁਨ੍ਹਾਂ ਕਿਹਾ ਕਿ ਇਹ ਕੋਈ ਅਕਲ ਦਾ ਕੰਮ ਨਹੀਂ ਅਤੇ ਇਸ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਸਗੋਂ ਨੁਕਸਾਨ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਸੋਚੇ ਸਮਝੇ ਇਹ ਫੈਸਲਾ ਕਰ ਲਿਆ ਹੈ। ਡੀ. ਟੀ. ਓ. ਦੀ ਪੋਸਟ ਖਤਮ ਕਰਕੇ ਉਸ ਦਾ ਕੰਮ ਐੱਸ. ਡੀ. ਐੱਮ. ਨੂੰ ਦੇ ਦਿੱਤਾ ਹੈ ਜਦੋਂਕਿ ਐੱਸ. ਡੀ. ਐੱਮ. ਕੋਲ ਪਹਿਲਾਂ ਹੀ ਕੰਮ ਦਾ ਬੋਝ ਜ਼ਿਆਦਾ ਹੈ, ਜਿਸ ਕਾਰਨ ਲੋਕਾਂ ਦੀ ਖੱਜਲ ਖੁਆਰੀ ਵਧੇਗੀ। ਇਸੇ ਤਰ੍ਹਾਂ ਪੰਜਾਬ 'ਚ ਟਰੱਕ ਯੂਨੀਅਨਾਂ ਤੋੜਨ ਦਾ ਫੈਸਲਾ ਸਰਾਸਰ ਗਲਤ ਤੇ ਮਨਮਾਨੀ ਭਰਿਆ ਹੈ।ਕੈਪਟਨ ਦੇ ਇਸ ਆਪਹੁਦਰੇ ਅਤੇ ਇਕ ਪਾਸੜ ਦੇ ਫੈਸਲੇ ਨਾਲ ਟਰੱਕ ਟਰਾਂਸਪੋਰਟ 'ਤੇ ਆਧਾਰਤ ਪੰਜਾਬ ਦੇ ਲੱਖਾਂ ਹੀ ਪਰਿਵਾਰ ਬੇਰੁਜ਼ਗਾਰ ਤੇ ਬਰਬਾਦ ਹੋ ਜਾਣਗੇ। ਬੜੇ ਦੁੱਖ ਦੀ ਗੱਲ ਹੈ ਕਿ ਕੈਪਟਨ ਨੇ ਬਿਨਾਂ ਸੋਚੇ-ਸਮਝੇ, ਵੱਡੇ ਉਦਯੋਗਪਤੀਆਂ, ਬਹੁ-ਕਰੋੜੀ ਅਤੇ ਬਹੁਰਾਸ਼ਟਰੀ ਕੰਪਨੀਆਂ ਦਾ ਪੱਖ ਪੂਰਨ ਲਈ, ਢੋਅ-ਢੁਆਈ ਲਈ ਵਰਤੀ ਜਾਣ ਵਾਲੀ ਟਰੱਕ ਟਰਾਂਸਪੋਰਟ ਨੂੰ ਬਰਬਾਦ ਕਰਨ ਲਈ ਵੱਡੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁੱਝ ਸਮਾਂ ਕੱਢ ਕੇ ਪੰਜਾਬ ਦੇ ਪ੍ਰਸ਼ਾਸਨਿਕ ਮਾਮਲਿਆਂ ਵੱਲ ਵੀ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।


Related News