''ਲੰਗਾਹ'' ਵਰਗੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇੜੇ ਵੀ ਨਹੀਂ ਜਾਣ ਦੇਣਾ ਚਾਹੀਦਾ : ਬੀਰ ਦਵਿੰਦਰ
Tuesday, Oct 03, 2017 - 09:35 AM (IST)
ਪਟਿਆਲਾ (ਜੋਸਨ)-ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਦਾ ਸੀਨੀਅਰ ਆਗੂ, ਅਕਾਲੀ ਦਲ ਕੋਰ ਕਮੇਟੀ ਦਾ ਮੈਂਬਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜੋ ਆਪਣੀਆਂ ਕਾਲੀਆਂ ਕਰਤੂਤਾਂ ਕਾਰਨ ਅੱਜ ਪੂਰੇ ਇਨਸਾਨੀ ਸਮਾਜ ਦੀਆਂ ਨਜ਼ਰਾਂ ਵਿੱਚੋਂ ਡਿੱਗ ਚੁੱਕਾ ਹੈ, ਉਸ ਦਾ ਸਿੱਖੀ ਦੇ ਸੁੱਚੇ ਆਦਰਸ਼ਾਂ ਅਨੁਸਾਰ ਹੁਣ ਸਿੱਖ ਭਾਈਚਾਰੇ ਵਿਚ ਕੋਈ ਸਥਾਨ ਨਹੀਂ ਰਹਿ ਗਿਆ। ਅਜਿਹੇ ਬਦਬੂਦਾਰ ਕਿਰਦਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਿਹੇ ਪਵਿੱਤਰ ਅਸਥਾਨ 'ਤੇ ਤਲਬ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ। ਨਾ ਹੀ ਕਿਸੇ ਸਿੱਖ ਸੰਸਥਾ ਜਾਂ ਸਿੱਖ ਜਥੇਬੰਦੀ ਨੂੰ ਅਜਿਹੀ ਮੰਗ ਕਰਨੀ ਚਾਹੀਦੀ ਹੈ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਦੁੱਖ ਤਾਂ ਇਸ ਗੱਲ ਦਾ ਹੈ ਕਿ ਅਕਾਲੀ ਦਲ (ਬਾਦਲ) ਦੇ ਸਰਬਰਾਹ ਮਾਲਕ 'ਬਾਦਲ ਪਰਿਵਾਰ' ਨੇ ਕਿਹੋ ਜਿਹੇ ਬੰਦੇ ਚੁਣ ਕੇ ਸ਼੍ਰੋਮਣੀ ਕਮੇਟੀ ਜਿਹੀ ਸਿੱਖਾਂ ਦੀ ਸਿਰਮੌਰ ਸੰਸਥਾ ਵਿਚ ਭੇਜੇ ਹਨ। ਅਫ਼ਸੋਸ ਹੈ ਕਿ ਇਨ੍ਹਾਂ ਲੋਕਾਂ ਦੇ ਨਾਂ ਮੁਤੱਲਕਾ ਥਾਣਿਆਂ ਦੀ ਕਿਤਾਬ ਨੰਬਰ-10 ਦੀ ਸੂਚੀ ਵਿਚ 'ਬਦ-ਕਿਰਦਾਰਾਂ' ਵਜੋਂ ਦਰਜ ਹੋਣ ਤੇ ਉਨ੍ਹਾਂ ਦੀਆਂ ਫੋਟੋਆਂ ਮੁਤੱਲਕਾ ਥਾਣੇ ਦੇ ਚੋਣਵੇਂ 'ਬਦਮਾਸ਼ਾਂ' ਵਜੋਂ ਥਾਣਿਆਂ ਵਿਚ ਲਟਕਾਈਆਂ ਗਈਆਂ ਹੋਣ, ਅਜਿਹੇ ਬੰਦਿਆਂ ਨੂੰ ਬਾਦਲਾਂ ਨੇ 2-2 ਵਾਰ ਕੈਬਨਿਟ ਦੀਆਂ ਵਜ਼ੀਰੀਆਂ ਤੇ ਕਮਾਊ ਮਹਿਕਮੇ ਨਾਲ ਨਿਵਾਜਿਆ ਹੈ। ਹੁਣ ਇਸ ਸਾਰੀ ਗੰਦਗੀ ਦੇ ਨੰਗ ਤੇ ਬਦਬੂ ਦੇ ਜੱਗ-ਜ਼ਾਹਰ ਹੋਣ ਨਾਲ 'ਬਾਦਲ ਪਰਿਵਾਰ' ਦੀ ਸਿਆਣਪ ਤੇ ਸ਼ਰਾਫ਼ਤ ਦਾ ਦਿਵਾਲਾ ਨਿਕਲ ਗਿਆ ਹੈ।
ਹੁਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਕਿ ਪੰਜੇ ਸਿੱਖ ਤਖਤਾਂ ਦੀ ਦੇਖ-ਰੇਖ ਵਿਚ ਇੱਕ ਅਜਿਹੀ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀ ਸਿੱਖਾਂ ਦੀ ਸਿਰਮੌਰ ਸੰਸਥਾ ਵਿਚ ਘੁਸਪੈਠ ਕਰ ਕੇ ਅਤੇ 'ਧਰਮ ਦੇ ਮਖੌਟੇ ਪਹਿਨ ਕੇ' ਕੁਕਰਮ ਕਰਦੇ ਹਨ। ਅਜਿਹੇ ਤੱਤਾਂ ਦੀ ਪਛਾਣ ਕੀਤੀ ਜਾਵੇ। ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਵਿੱਚੋਂ ਤੁਰੰਤ ਪ੍ਰਭਾਵ ਨਾਲ ਲਾਂਭੇ ਕੀਤਾ ਜਾਵੇ। ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰ ਕੇ ਲੰਗਾਹ ਵਰਗੇ ਬਦਕਾਰ ਕਿਰਦਾਰਾਂ ਨੂੰ ਸਿੱਖ ਧਾਰਮਿਕ ਅਸਥਾਨਾਂ ਅਤੇ ਗੁਰਦੁਆਰਾ ਪ੍ਰਬੰਧਾਂ 'ਤੇ ਠੋਸਣ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ। ਸਿੱਖ ਮਰਿਆਦਾ ਅਨੁਸਾਰ ਤਖਤ ਸਾਹਿਬਾਨ ਵੱਲੋਂ 'ਤਨਖਾਹ' ਲਾਈ ਜਾਵੇ।
