ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪੁਲਸ ''ਤੇ ਲਾਇਆ ਇਕ ਪਾਸੜ ਕਾਰਵਾਈ ਕਰਨ ਦਾ ਦੋਸ਼

Tuesday, Mar 13, 2018 - 12:18 AM (IST)

ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪੁਲਸ ''ਤੇ ਲਾਇਆ ਇਕ ਪਾਸੜ ਕਾਰਵਾਈ ਕਰਨ ਦਾ ਦੋਸ਼

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਬੀਤੇ ਦਿਨ ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਯੂਥ ਅਕਾਲੀ ਆਗੂ ਹਰਪ੍ਰੀਤ ਸਿੰਘ ਰਿੱਕੀ ਵਿਚਕਾਰ ਹੋਏ ਲੜਾਈ-ਝਗੜੇ ਦੇ ਮਾਮਲੇ 'ਚ ਭਾਵੇਂ ਪੁਲਸ ਵੱਲੋਂ ਅਕਾਲੀ ਆਗੂ ਤੇ ਉਸ ਦੇ ਸਾਥੀਆਂ ਵਿਰੁੱਧ ਤਾਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਸ ਮਾਮਲੇ 'ਚ ਪ੍ਰਧਾਨ ਬੰਟੀ ਤੇ ਉਸ ਦੇ ਸਾਥੀਆਂ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਸਬੰਧੀ ਅੱਜ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਧਰਮਕੋਟ ਦੇ ਇੰਚਾਰਜ ਜਥੇਦਾਰ ਤੋਤਾ ਸਿੰਘ ਦੀ ਅਗਵਾਈ 'ਚ ਅਕਾਲੀ ਆਗੂਆਂ ਦਾ ਇਕ ਵਫਦ ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਨੂੰ ਮਿਲਿਆ। ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਵਫਦ ਨੇ ਕਿਹਾ ਕਿ ਯੂਥ ਅਕਾਲੀ ਆਗੂ ਦੀ ਦੁਕਾਨ ਦੀ ਭੰਨ-ਤੋੜ ਹੋਈ ਅਤੇ ਇਸ ਮਾਮਲੇ 'ਚ ਪੁਲਸ ਨੇ ਅਜੇ ਤੱਕ ਬਣਦੀ ਕਾਰਵਾਈ ਨਹੀਂ ਕੀਤੀ। 
ਅਕਾਲੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਜ਼ਿਲਾ ਪੁਲਸ ਮੁਖੀ ਨੂੰ ਮਾਮਲੇ ਦੀ ਵੀਡੀਓ ਵੀ ਦਿਖਾਈ ਹੈ, ਜਿਸ 'ਚ ਸਪੱਸ਼ਟ ਤੌਰ 'ਤੇ ਪ੍ਰਧਾਨ ਬੰਟੀ ਦੇ ਸਾਥੀ ਯੂਥ ਅਕਾਲੀ ਨੇਤਾ ਦੀ ਦੁਕਾਨ ਦੀ ਸ਼ਰੇਆਮ ਭੰਨ-ਤੋੜ ਕਰ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਦੁਕਾਨ ਦੀ ਭੰਨ-ਤੋੜ ਕੀਤੀ ਹੈ, ਉਨ੍ਹਾਂ 'ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਕਾਨੂੰਨ ਸਾਰਿਆਂ ਲਈ ਇਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਸ਼ਹਿ ਕਾਰਨ ਹੀ ਪੁਲਸ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਇਕ ਪਾਸੜ ਕਾਰਵਾਈ ਕੀਤੀ ਹੈ। 
ਜ਼ਿਲਾ ਪੁਲਸ ਮੁਖੀ ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਮਾਮਲੇ 'ਚ ਡੀ. ਐੱਸ. ਪੀ. ਧਰਮਕੋਟ ਤੇ ਥਾਣਾ ਮੁਖੀ ਧਰਮਕੋਟ ਨਾਲ ਗੱਲਬਾਤ ਕਰ ਰਹੇ ਹਨ ਅਤੇ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਨਿਰਪੱਖ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਜੇਕਰ ਇਸ ਮਾਮਲੇ  ਸਬੰਧੀ ਦੂਸਰੀ ਧਿਰ 'ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। 
ਇਸ ਮੌਕੇ ਜ਼ਿਲਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡ ਭੰਗੇਰੀਆ, ਨਗਰ ਕੌਂਸਲ ਕੋਟ ਈਸੇ ਖਾਂ ਦੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਦਾਤੇਵਾਲ, ਸਰਪੰਚ ਜਗਜੀਵਨ ਸਿੰਘ ਲੋਹਾਰਾ, ਸਰਪੰਚ ਗੁਰਮੀਤ ਸਿੰਘ ਗਗੜਾ, ਸਰਪੰਚ ਰਣਜੀਤ ਸਿੰਘ ਰਾਣਾ ਮਸੀਤਾਂ ਦੇ ਇਲਾਵਾ ਹਲਕਾ ਧਰਮਕੋਟ ਨਾਲ ਸਬੰਧਿਤ ਅਕਾਲੀ ਨੇਤਾ ਅਤੇ ਵਰਕਰ ਹਾਜ਼ਰ ਸਨ।


Related News