ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਉਣ ਲਈ ਤਾਲਮੇਲ ਕਮੇਟੀਆਂ ਦਾ ਗਠਨ
Friday, Jul 27, 2018 - 04:19 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ, ਦਰਦੀ)- ਜ਼ਿਲਾ ਪੱਧਰ ’ਤੇ ਸੁਤੰਤਰਤਾ ਦਿਵਸ ਸਮਾਗਮ 15 ਅਗਸਤ, 2018 ਨੂੰ ਧੂਮਧਾਮ ਨਾਲ ਮਨਾਉਣ ਲਈ ਐੱਮ. ਕੇ. ਅਰਵਿੰਦ ਕੁਮਾਰ ਆਈ. ਏ. ਐੱਸ. ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਡੀ. ਸੀ. ਦਫਤਰ, ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਐੱਚ. ਐੱਸ. ਸਰਾਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਬਲਜੀਤ ਸਿੰਘ ਸਿੱਧੂ ਐੱਸ. ਪੀ., ਰਾਜਪਾਲ ਸਿੰਘ ਐੱਸ. ਡੀ. ਐੱਮ., ਵੀਰਪਾਲ ਕੌਰ ਸਹਾਇਕ ਕਮਿਸ਼ਨਰ ਜਨਰਲ, ਜਗਮੋਹਨ ਸਿੰਘ ਮਾਨ ਜ਼ਿਲਾ ਭਲਾਈ ਅਫਸਰ, ਪ੍ਰੋਫੈਸਰ ਗੋਪਾਲ ਸਿੰਘ ਸਕੱਤਰ ਜ਼ਿਲਾ ਰੈੱਡ ਕਰਾਸ ਸੋਸਾਇਟੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜ਼ਾਦੀ ਦਿਵਸ ਧੂਮਧਾਮ ਮਨਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਅਤੇ ਇਸ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਡ਼੍ਹਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਤਾਲਮੇਲ ਕਮੇਟੀਆਂ ਗਠਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨਗਰ ਕੌਂਸਲ ਨੂੰ ਹਦਾਇਤ ਕੀਤੀ ਕਿ ਸੁਤੰਤਰਤਾ ਦਿਵਸ ਸਮਾਗਮ ਨੂੰ ਮੁੱਖ ਰੱਖਦਿਅਾਂ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਅਤੇ ਸ਼ਹਿਰ ਦੀ ਸਫਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸਮਾਗਮ ਦੌਰਾਨ ਪੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਲਈ ਬੱਚਿਆਂ ਦੀ ਰਿਹਰਸਲਾਂ ਕਰਵਾਈਆਂ ਜਾਣ।
ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ 15 ਅਗਸਤ ਦੀਆਂ ਰਿਹਰਸਲਾਂ ਅਤੇ ਸਮਾਗਮਾਂ ਦੌਰਾਨ ਮੈਡੀਕਲ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਮੰਡੀ ਬੋਰਡ ਅਤੇ ਜਨ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਮਾਗਮ ਦੌਰਾਨ ਸਾਫ-ਸੁਥਰਾ ਪਾਣੀ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਜਾਵੇ।
