ਜੰਗਲਾਤ ਕਾਮਿਆਂ ਵੱਲੋਂ ਖੋਜ ਸਰਕਲ ਅਧਿਕਾਰੀ ਦੀ ਫੂਕੀ ਅਰਥੀ

Friday, Mar 16, 2018 - 01:01 PM (IST)

ਹੁਸ਼ਿਆਰਪੁਰ (ਘੁੰਮਣ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਖੋਜ ਸਰਕਲ ਹੁਸ਼ਿਆਰਪੁਰ ਦੇ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਰੋਸ ਰੈਲੀ ਅੱਜ 18ਵੇਂ ਦਿਨ 'ਚ ਪ੍ਰਵੇਸ਼ ਕਰ ਗਈ ਹੈ । ਇਸ ਦੇ ਬਾਵਜੂਦ ਵੀ ਖੋਜ ਸਰਕਲ ਦਾ ਅਧਿਕਾਰੀ ਟੀ. ਕੇ. ਬਹੇੜਾ ਲਗਾਤਾਰ ਕਰਮਚਾਰੀਆਂ ਨਾਲ ਧੱਕੇਸ਼ਾਹੀ ਵਾਲਾ ਰਵੱਈਆ ਅਖਤਿਆਰ ਕਰੀ ਬੈਠਾ ਹੈ। ਜੰਗਲਾਤ ਵਰਕਰਜ਼ ਯੂਨੀਅਨ ਅਤੇ ਪ. ਸ. ਸ. ਫ. ਦੇ ਆਗੂਆਂ ਵੱਲੋਂ ਵੀ ਇਸ ਅਧਿਕਾਰੀ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਇਸ ਅਧਿਕਾਰੀ ਵਲੋਂ ਆਪਣਾ ਰਵੱਈਆ ਨਾ ਬਦਲ ਕੇ ਤਨਖਾਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਰੈਲੀ ਦੌਰਾਨ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਇਸ ਕਾਰਵਾਈ ਦੀ ਜ਼ਬਰਦਸਤ ਨਿਖੇਧੀ ਕੀਤੀ ਗਈ। 
ਬੁਲਾਰਿਆਂ ਨੇ ਕਿਹਾ ਕਿ ਇਹ ਅਧਿਕਾਰੀ ਕਿਸੇ ਸਰਕਾਰੀ ਅਤੇ ਅਦਾਲਤੀ ਹੁਕਮਾਂ ਤੋਂ ਬਗੈਰ ਹੀ ਪੱਕੇ ਕਰਮਚਾਰੀਆਂ ਨੂੰ ਆਪਣੇ ਸਟਾਫ ਉੱਪਰ ਲਗਾਤਾਰ ਡੇਲੀਵੇਜ ਦੀ ਤਨਖਾਹ ਪਾਉਣ ਲਈ ਦਬਾਅ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ 18ਵੇਂ ਦਿਨ ਖੋਜ ਸਰਕਲ ਅਫਸਰ ਟੀ. ਕੇ. ਬਹੇੜਾ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਚਿਤਾਵਨੀ ਦਿੱਤੀ ਹੁਣ ਇਹ ਸੰਘਰਸ਼ ਕੇਵਲ ਖੋਜ ਸਰਕਲ ਹੁਸ਼ਿਆਰਪੁਰ ਦੇ ਮੁਲਾਜ਼ਮਾਂ ਦਾ ਹੀ ਨਹੀਂ ਰਿਹਾ ਬਲਕਿ ਪੂਰੇ ਜ਼ਿਲੇ ਦੇ ਮੁਲਾਜ਼ਮਾਂ ਦਾ ਬਣ ਗਿਆ ਹੈ ਅਤੇ ਇਸ ਸੰਘਰਸ਼ ਨੂੰ ਹੁਣ ਹੋਰ ਤਿੱਖਾ ਕੀਤਾ ਜਾਵੇਗਾ। 
ਅੱਜ ਦੀ ਰੈਲੀ ਨੂੰ ਗੁਰਦਿਆਲ ਸਿੰਘ, ਪਵਨ ਕੁਮਾਰ, ਜੈ ਪਾਲ, ਗੁਰਮੀਤ ਸਿੰਘ, ਰਵੀ ਕੁਮਾਰ, ਸੰਤੋਖ ਕੁਮਾਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।


Related News